ਵਿਸ਼ਵ ਦੇ 36 ਸ਼ਹਿਰ ਹੋ ਜਾਣਗੇ ਗਾਇਬ – ਭਾਰਤ ਦੇ ਵੀ ਕਈ ਪ੍ਰਮੁੱਖ ਸ਼ਹਿਰ ਨੇ ਸੂਚੀ ਵਿੱਚ ਸ਼ਾਮਲ – ਵਿਗਿਆਨੀਆਂ ਦਾ ਹੈਰਾਨੀਜਨਕ ਪ੍ਰਗਟਾਵਾ – ਪੜ੍ਹੋ ਆਪਣੇ ਸ਼ਹਿਰ ਦਾ ਭਵਿੱਖ
ਪ੍ਰਦੂਸ਼ਣ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਸਮੇਤ ਵੱਖ-ਵੱਖ ਕਾਰਨਾਂ ਕਰਕੇ ਗਲੋਬਲ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਧਰੁਵੀ ਖੇਤਰਾਂ ਦੀ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ, ਜਿਸ ਕਾਰਨ ਸਮੁੰਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਸਮੁੰਦਰ ਦਾ ਪੱਧਰ ਵਧਣ ਕਾਰਨ ਮੁੰਬਈ, ਕੋਲਕਾਤਾ ਅਤੇ ਚੇਨਈ ਵਰਗੇ ਸ਼ਹਿਰਾਂ ਦੀਆਂ ਜ਼ਿਆਦਾਤਰ ਸੜਕਾਂ 2050 ਤੱਕ ਪਾਣੀ ਵਿੱਚ ਡੁੱਬ ਜਾਣਗੀਆਂ।
ਰਿਪੋਰਟ – ਰਾਜਿੰਦਰ ਸਿੰਘ ਸਰਹਾਲੀ
ਇਸ ਸਦੀ ਦੇ ਅੰਤ ਤੱਕ ਦੁਨੀਆ ਦੇ ਕਈ ਵੱਡੇ ਸ਼ਹਿਰ ਇਸ ਧਰਤੀ ਤੋਂ ਗਾਇਬ ਹੋ ਜਾਣਗੇ ਅਤੇ ਨਵੀ ਪੀੜੀ ਨੂੰ ਇਤਿਹਾਸ ਦੀਆ ਕਿਤਾਬਾ ਦੱਸਿਆ ਕਰਨਗੀਆਂ ਕਿ ਇਸ ਇਲਾਕੇ ਵਿੱਚ ‘ ਇੱਹ ‘ ਸ਼ਹਿਰ ਹੁੰਦਾ ਸੀ। ਇਹ ਹੈਰਾਨੀਜਨਕ ਕਥਨ ਮੰਨਣ ਨੂੰ ਦਿਲ ਹਾਮੀ ਨਹੀਂ ਭਰਦਾ ਪ੍ਰੰਤੂ ਜੇ ਵਿਗਿਆਨੀਆਂ ਦੀ ਗੱਲ ਨੂੰ ਸਹੀ ਮੰਨ ਲਈਏ ਤਾ ਇਹ ਸਚਾਈ ਮੰਨਣੀ ਪਵੇਗੀ। ਰਿਪੋਰਟ ਅਨੁਸਾਰ ਸਾਲ 2100 ਤੱਕ ਸਮੁੰਦਰ ਦਾ ਪੱਧਰ ਵਧਣ ਕਾਰਨ ਦੁਨੀਆ ਭਰ ਦੇ 36 ਵੱਡੇ ਸ਼ਹਿਰ ਰਹਿਣ ਯੋਗ ਨਹੀਂ ਹੋਣਗੇ। ਇਨ੍ਹਾਂ ਵਿੱਚ ਭਾਰਤ ਦੇ ਤਿੰਨ ਵੱਡੇ ਸ਼ਹਿਰ ਮੁੰਬਈ, ਚੇਨਈ ਅਤੇ ਕੋਲਕਾਤਾ ਵੀ ਸ਼ਾਮਲ ਹਨ। ਜੇਕਰ ਦੁਨੀਆ ਭਰ ਦੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ‘ਚ ਨਿਊਯਾਰਕ, ਲੰਡਨ, ਦੁਬਈ, ਟੋਕੀਓ, ਬੋਸਟਨ, ਮਕਾਊ, ਸ਼ੰਘਾਈ, ਢਾਕਾ, ਸਿੰਗਾਪੁਰ, ਬੈਂਕਾਕ, ਜਕਾਰਤਾ ਅਤੇ ਹੋ ਚੀ ਮਿਨਹ ਵਰਗੇ ਸ਼ਹਿਰ ਸ਼ਾਮਲ ਹਨ।
ਨੈਸ਼ਨਲ ਓਸ਼ੀਅਨਿਕ ਐਂਡ ਐਟਮੌਸਫੇਰਿਕ ਐਡਮਿਨਿਸਟ੍ਰੇਸ਼ਨ (ਐਨਓਏਏ) ਦੇ ਅਨੁਸਾਰ, ਸਮੁੰਦਰ ਦਾ ਪੱਧਰ ਹੁਣ 20ਵੀਂ ਸਦੀ ਦੇ ਮੁਕਾਬਲੇ ਦੁੱਗਣੀ ਤੇਜ਼ੀ ਨਾਲ ਵੱਧ ਰਿਹਾ ਹੈ। 20ਵੀਂ ਸਦੀ ਦੇ ਜ਼ਿਆਦਾਤਰ ਹਿੱਸੇ ਲਈ, ਸਮੁੰਦਰ ਦਾ ਪੱਧਰ ਪ੍ਰਤੀ ਸਾਲ 0.06 ਇੰਚ (1.4 ਮਿਲੀਮੀਟਰ) ਵਧ ਰਿਹਾ ਸੀ, ਜੋ ਕਿ 2006 ਅਤੇ 2015 ਦੇ ਵਿਚਕਾਰ ਪ੍ਰਤੀ ਸਾਲ 0.14 ਇੰਚ (3.6 ਮਿਲੀਮੀਟਰ) ਦਰਜ ਕੀਤਾ ਗਿਆ ਹੈ।
ਨੇਚਰ ਕਲਾਈਮੇਟ ਚੇਂਜ ਜਰਨਲ ਵਿੱਚ ਇਸ ਹਫ਼ਤੇ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਚੇਨਈ, ਕੋਲਕਾਤਾ, ਢਾਕਾ, ਜਕਾਰਤਾ, ਯਾਂਗੋਨ, ਬੈਂਕਾਕ, ਹੋ ਚੀ ਮਿਨਹ ਅਤੇ ਮਨੀਲਾ ਵਰਗੇ ਸ਼ਹਿਰ ਸਮੁੰਦਰੀ ਪੱਧਰ ਦੇ ਵਾਧੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਅਧਿਐਨ ਨੇ ਦੁਨੀਆ ਭਰ ਦੇ ਸਮੁੰਦਰੀ ਪੱਧਰ ਦੇ ਜੋਖਮ ਵਾਲੇ ਖੇਤਰਾਂ ਦੀ ਮੈਪਿੰਗ ਕਰਕੇ ਪ੍ਰਭਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ। ਅਮਰੀਕਾ ਦੇ ਨੈਸ਼ਨਲ ਸੈਂਟਰ ਫਾਰ ਐਟਮੌਸਫੇਰਿਕ ਰਿਸਰਚ (ਐੱਨ.ਸੀ.ਏ.ਆਰ.) ਦੇ ਅਨੁਸਾਰ, ਅਲ-ਨੀਨੋ ਪ੍ਰਭਾਵ ਕਾਰਨ ਭੂਮੱਧ ਰੇਖਾ ਦੇ ਆਲੇ-ਦੁਆਲੇ ਦੇ ਖੇਤਰਾਂ, ਖਾਸ ਕਰਕੇ ਕੇਂਦਰੀ ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਵਿੱਚ ਪਾਣੀ ਦਾ ਪੱਧਰ 30 ਪ੍ਰਤੀਸ਼ਤ ਤੱਕ ਵਧ ਜਾਵੇਗਾ। NOAA ਅਤੇ ਸੰਯੁਕਤ ਰਾਸ਼ਟਰ ਦੇ ਅੰਤਰ-ਸਰਕਾਰੀ ਪੈਨਲ ਆਨ ਕਲਾਈਮੇਟ ਚੇਂਜ (UN-IPCC) ਅਨੁਸਾਰ ਸਾਲ 2100 ਤੱਕ ਸਮੁੰਦਰ ਦਾ ਪੱਧਰ ਸਾਲ 2000 ਦੇ ਮੁਕਾਬਲੇ ਇੱਕ ਤੋਂ ਤਿੰਨ ਫੁੱਟ ਤੱਕ ਵੱਧ ਸਕਦਾ ਹੈ। ਜੇਕਰ ਇਹ ਘੱਟੋ-ਘੱਟ ਇੱਕ ਫੁੱਟ ਵਧਦਾ ਹੈ ਤਾਂ ਦੁਨੀਆ ਭਰ ਵਿੱਚ 25 ਕਰੋੜ ਤੋਂ ਵੱਧ ਲੋਕ ਬੇਘਰ ਹੋ ਜਾਣਗੇ।