ਕਸ਼ਮੀਰ ‘ਚ ਸੈੱਟਲਾਈਟ ਫੋਨ ਦੀ ਵਰਤੋਂ ਕਰ ਰਹੇ ਹਨ ਅੱਤਵਾਦੀ

ਸ੍ਰੀਨਗਰ : ਕਸ਼ਮੀਰ ਵਿਚ ਪ੍ਰੀਪੇਡ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ‘ਤੇ ਰੋਕ ਤੋਂ ਨਿਰਾਸ਼ ਅੱਤਵਾਦੀ ਹੁਣ ਸਰਹੱਦ ਪਾਰ ਬੈਠੇ ਸਰਗਨਿਆਂ ਨਾਲ ਸੰਪਰਕ ਬਣਾਉਣ ਲਈ ਫਿਰ ਸੈੱਟਲਾਈਟ ਫੋਨ ਅਤੇ ਉੱਚ ਸਮਰੱਥਾ ਵਾਲੇ ਰੇਡੀਓ ਸੈੱਟ ਵਰਤਣ ਲੱਗੇ ਹਨ। ਇਸ ਸਮੇਂ ਕਸ਼ਮੀਰ ਵਿਚ ਚਾਰ ਸੈੱਟਲਾਈਟ ਫੋਨ ਹਨ। ਇਨ੍ਹਾਂ ਵਿਚ ਸ੍ਰੀਨਗਰ ਦੇ ਆਂਚਰ ਸ਼ੌਰਾ ਇਲਾਕੇ ਵਿਚ ਇਕ, ਦੋ ਹੋਰ ਦੱਖਣੀ ਕਸ਼ਮੀਰ ਵਿਚ ਅਤੇ ਇਕ ਉੱਤਰੀ ਕਸ਼ਮੀਰ ਵਿਚ ਹੈ। ਹਾਲਾਂਕਿ, ਰਾਜ ਪੁਲਿਸ ਨੇ ਸੀਆਰਪੀਐੱਫ ਅਤੇ ਫ਼ੌਜ ਨਾਲ ਸੰਭਾਵਿਤ ਇਲਾਕਿਆਂ ਵਿਚ ਘਰ-ਘਰ ਤਲਾਸ਼ੀ ਵੀ ਲਈ ਹੈ ਪ੍ਰੰਤੂ ਸਫ਼ਲਤਾ ਨਹੀਂ ਮਿਲੀ ਹੈ।

ਦੋ ਫੋਨ ਹੋ ਚੁੱਕੇ ਹਨ ਬਰਾਮਦ

ਇਸ ਸਾਲ ਕਸ਼ਮੀਰ ਵਿਚ ਸੁਰੱਖਿਆ ਬਲ ਦੋ ਸੈੱਟਲਾਈਟ ਫੋਨ ਬਰਾਮਦ ਕਰ ਚੁੱਕੇ ਹਨ। ਪਹਿਲਾ ਸੈੱਟਲਾਈਟ ਫੋਨ 13 ਜਨਵਰੀ ਨੂੰ ਬਾਂਦੀਪੋਰਾ ਵਿਚ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀ ਸਰਫਰਾਜ਼ ਤੋਂ ਫੜਿਆ ਗਿਆ ਸੀ। ਦੂਜਾ ਕਰੀਬ ਪੰਦਰਾਂ ਦਿਨ ਪਹਿਲੇ ਸੋਪੋਰ ਵਿਚ ਮਾਰੇ ਗਏ ਅੱਤਵਾਦੀਆਂ ਕੋਲੋਂ ਮਿਲਿਆ ਸੀ। ਦੋਵੇਂ ਸੈੱਟਲਾਈਟ ਫੋਨ ਥੁਰੈਪਾ ਕੰਪਨੀ ਦੇ ਹਨ। ਸਰਫਰਾਜ਼ ਤੋਂ ਮਿਲਿਆ ਸੈੱਟਲਾਈਟ ਫੋਨ ਇਸ ਮਹੀਨੇ ਬਰਾਮਦ ਹੋਏ ਫੋਨ ਤੋਂ ਅਤਿ-ਆਧੁਨਿਕ ਸੀ। ਉਹ ਸਮਾਰਟ ਫੋਨ ਵਰਗੀਆਂ ਸਹੂਲਤਾਂ ਨਾਲ ਲੈਸ ਸੀ।

ਆਂਚਰ ਸ਼ੌਰਾ ‘ਚ ਹੋਈ ਸੀ ਸਭ ਤੋਂ ਜ਼ਿਆਦਾ ਹਿੰਸਾ

ਸ੍ਰੀਨਗਰ ਦੇ ਉੱਤਰੀ ਜ਼ੋਨ ਦੇ ਐੱਸਪੀ ਸੱਜਾਦ ਸ਼ਾਹ ਨੇ ਕਿਹਾ ਕਿ ਆਂਚਰ ਸ਼ੌਰਾ ਇਲਾਕੇ ਵਿਚ ਕੁਝ ਦਿਨਾਂ ਦੌਰਾਨ ਇਕ-ਦੋ ਵਾਰ ਸੈੱਟਲਾਈਟ ਫੋਨ ਹੋਣ ਦਾ ਪਤਾ ਚੱਲਿਆ ਪ੍ਰੰਤੂ ਉਸ ਦੀ ਸਹੀ ਲੋਕੇਸ਼ਨ ਦਾ ਪਤਾ ਨਹੀਂ ਲੱਗਾ। ਅਸੀਂ ਇਸ ਇਲਾਕੇ ਨੂੰ ਚਿੰਨਿ੍ਹਤ ਕਰਦੇ ਹੋਏ ਘੇਰਾਬੰਦੀ ਕਰ ਕੇ ਘਰ-ਘਰ ਤਲਾਸ਼ੀ ਵੀ ਲਈ, ਕੁਝ ਨਹੀਂ ਮਿਲਿਆ। ਇਕ ਸ਼ੱਕੀ ਨੌਜਵਾਨ ਨੂੰ ਜ਼ਰੂਰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ। ਇਹ ਉਹੀ ਇਲਾਕਾ ਹੈ ਜਿਥੇ ਅਗਸਤ ਵਿਚ ਜੰਮੂ-ਕਸ਼ਮੀਰ ਪੁਨਰਗਠਨ ਐਕਟ ਦੇ ਲਾਗੂ ਹੋਣ ਪਿੱਛੋਂ ਸਭ ਤੋਂ ਜ਼ਿਆਦਾ ਹਿੰਸਕ ਅਤੇ ਦੇਸ਼ ਵਿਰੋਧੀ ਪ੍ਰਦਰਸ਼ਨ ਹੋਏ ਸਨ।

1998 ਤੋਂ ਸ਼ੁਰੂ ਹੋਈ ਸੀ ਵਰਤੋਂ

ਕਸ਼ਮੀਰ ਵਿਚ ਅੱਤਵਾਦੀਆਂ ਅਤੇ ਉਨ੍ਹਾਂ ਦੇ ਓਵਰ ਗਰਾਊਂਡ ਨੈੱਟਵਰਕ ਵੱਲੋਂ ਸੈੱਟਲਾਈਟ ਫੋਨ ਦੀ ਵਰਤੋਂ ਕੋਈ ਨਵੀਂ ਨਹੀਂ ਹੈ। ਐੱਸਐੱਸਪੀ ਸਕਿਓਰਿਟੀ ਇਮਤਿਆਜ਼ ਹੁਸੈਨ ਮੀਰ ਨੇ ਦੱਸਿਆ ਕਿ ਕਸ਼ਮੀਰ ਵਿਚ ਅੱਤਵਾਦੀਆਂ ਨੇ ਸੈੱਟਲਾਈਟ ਫੋਨ ਦੀ ਵਰਤੋਂ 1998 ਵਿਚ ਸ਼ੁਰੂ ਕੀਤੀ ਸੀ। ਸਾਲ 2003 ਤਕ ਇਸ ਦੀ ਖ਼ੂਬ ਵਰਤੋਂ ਹੁੰਦੀ ਸੀ। ਮੋਬਾਈਲ ਫੋਨ ਸੇਵਾ ਦੇ ਸ਼ੁਰੂ ਹੋਣ ਪਿੱਛੋਂ ਅੱਤਵਾਦੀਆਂ ਦੀ ਇਸ ‘ਤੇ ਨਿਰਭਰਤਾ ਘੱਟ ਹੋ ਗਈ।

ਕਿਸੇ ਦੀ ਪਕੜ ‘ਚ ਨਹੀਂ ਆਉਂਦੇ

ਇੰਟਰਨੈੱਟ ਇਕ ਸਸਤਾ ਅਤੇ ਸੁਰੱਖਿਅਤ ਬਦਲ ਹੈ। ਇੰਟਰਨੈੱਟ ‘ਤੇ ਵਾਇਸ ਆਨ ਇੰਟਰਨੈੱਟ ਪ੍ਰਰੋਟੋਕੋਲ (ਵੀਓਆਈਪੀ) ‘ਤੇ ਗੱਲਬਾਤ ਕਰ ਕੇ ਉਹ ਕਿਸੇ ਵੀ ਪਕੜ ਵਿਚ ਨਹੀਂ ਆਉਂਦੇ ਅਤੇ ਨਾ ਉਨ੍ਹਾਂ ਦੀ ਗੱਲਬਾਤ ਨੂੰ ਆਸਾਨੀ ਨਾਲ ਸੁਣਿਆ ਜਾ ਸਕਦਾ ਹੈ। ਕਸ਼ਮੀਰ ਵਿਚ ਪੰਜ ਅਗਸਤ ਤੋਂ ਇੰਟਰਨੈੱਟ ਅਤੇ ਪ੍ਰਰੀਪੇਡ ਮੋਬਾਈਲ ਫੋਨ ਬੰਦ ਹਨ। ਅਜਿਹੇ ਸਮੇਂ ਸੈੱਟਲਾਈਟ ਫੋਨ ਅਤੇ ਰੇਡੀਓ ਸੈੱਟ ਹੀ ਉਨ੍ਹਾਂ ਲਈ ਆਪਸ ਵਿਚ ਸੰਪਰਕ ਬਣਾਈ ਰੱਖਣ ਦਾ ਜ਼ਰੀਆ ਹੈ। ਉਹ ਇਸ ਸਮੇਂ ਹਿਊਮਨ ਇੰਟੈਲੀਜੈਂਸ ਨੈੱਟਵਰਕ ਵੀ ਮਜ਼ਬੂਤ ਕਰਨ ਦਾ ਯਤਨ ਕਰ ਰਹੇ ਹਨ ਪ੍ਰੰਤੂ ਸਫ਼ਲ ਨਹੀਂ ਹੋ ਰਹੇ।