ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਬਣੇ ਊਧਵ ਠਾਕਰੇ, ਕਿਹਾ- ਕਿਸਾਨਾਂ ਦੇ ਹਿੱਤ ‘ਚ ਵੱਡੇ ਕਦਮ ਚੁੱਕਾਂਗੇ

ਮੁੰਬਈ : ਆਪਣੇ ਸੰਕਲਪ ਨੂੰ ਪੂਰਾ ਕਰਦੇ ਹੋਏ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਆਖਰਕਾਰ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਉਹ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਹਨ। ਉਨ੍ਹਾਂ ਨਾਲ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੇ ਦੋ-ਦੋ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕੀ।

ਖਾਸ ਗੱਲ ਇਹ ਰਹੀ ਕਿ ਸੱਦੇ ਦੇ ਬਾਵਜੂਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮਾਗਮ ਵਿਚ ਨਹੀਂ ਪਹੁੰਚੇ। ਸਹੁੰ ਚੁੱਕ ਸਮਾਗਮ ਤੋਂ ਦੋ ਘੰਟੇ ਪਹਿਲੇ ਤਿੰਨਾਂ ਪਾਰਟੀਆਂ ਨੇ ਸਰਕਾਰ ਦਾ ਘੱਟੋ-ਘੱਟ ਸਾਂਝਾ ਪ੍ਰੋਗਰਾਮ ਜਾਰੀ ਕੀਤਾ। ਇਸ ਵਿਚ ਕਿਸਾਨਾਂ ਲਈ ਸੰਪੂਰਨ ਕਰਜ਼ਾ ਮਾਫ਼ੀ, ਨੌਕਰੀਆਂ ਵਿਚ ਸਥਾਨਕ ਲੋਕਾਂ ਨੂੰ 80 ਫੀਸਦ ਪਹਿਲ ਅਤੇ ਧਰਮ ਨਿਰਪੱਖ ਮੁੱਲਾਂ ‘ਤੇ ਦ੍ਰਿੜ ਰਹਿਣ ਦਾ ਵਾਅਦਾ ਕੀਤਾ ਗਿਆ ਹੈ।

1995 ਦਾ ਇਤਿਹਾਸ ਦੁਹਰਾਉਂਦੇ ਹੋਏ ਦਾਦਰ ਸਥਿਤ ਸ਼ਿਵਾਜੀ ਪਾਰਕ ਵਿਚ ਸ਼ਾਨਦਾਰ ਸਮਾਗਮ ਵਿਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਊਧਵ ਠਾਕਰੇ (59) ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮਹੂਰਤ ਅਨੁਸਾਰ ਊਧਵ ਨੇ ਸ਼ਾਮ 6.42 ਵਜੇ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਪਹਿਲਾਂ ਊਧਵ ਨੇ ਜਿੱਥੇ ਮੰਚ ‘ਤੇ ਰੱਖੀ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਨੂੰ ਨਮਨ ਕੀਤਾ ਉੱਥੇ ਸਹੁੰ ਚੁੱਕਣ ਤੋਂ ਬਾਅਦ ਜ਼ਮੀਨ ਨੂੰ ਮੱਥਾ ਟੇਕਦੇ ਹੋਏ ਜਨਤਾ ਨੂੰ ਵੀ ਪ੍ਰਣਾਮ ਕੀਤਾ।

ਇਸ ਸਹੁੰ ਚੁੱਕ ਸਮਾਗਮ ਦਾ ਮੰਚ ਉਨ੍ਹਾਂ ਦੇ ਪਿਤਾ ਸ਼ਿਵ ਸੈਨਾ ਸੰਸਥਾਪਕ ਬਾਲਾਸਾਹਬ ਠਾਕਰੇ ਦੀ ਯਾਦਗਾਰ ਤੋਂ ਚੰਦ ਕਦਮਾਂ ਦੀ ਦੂਰੀ ‘ਤੇ ਬਣਾਇਆ ਗਿਆ ਸੀ। 1995 ਵਿਚ ਪਹਿਲੀ ਵਾਰ ਬਣੀ ਸ਼ਿਵਸੈਨਾ-ਭਾਜਪਾ ਗਠਜੋੜ ਸਰਕਾਰ ਨੇ ਵੀ ਇਸੇ ਸ਼ਿਵਾਜੀ ਪਾਰਕ ਵਿਚ ਸਹੁੰ ਚੁੱਕੀ ਸੀ। ਉਦੋਂ ਮੁੱਖ ਮੰਤਰੀ ਦੇ ਰੂਪ ਵਿਚ ਸ਼ਿਵ ਸੈਨਾ ਦੇ ਮਨੋਹਰ ਜੋਸ਼ੀ ਅਤੇ ਉਪ ਮੁੱਖ ਮੰਤਰੀ ਦੇ ਰੂਪ ਵਿਚ ਭਾਜਪਾ ਦੇ ਗੋਪੀਨਾਥ ਮੁੰਡੇ ਨੂੰ ਸਹੁੰ ਚੁਕਾਈ ਗਈ ਸੀ।

ਜੈਅੰਤ ਪਾਟਿਲ ਹੋ ਸਕਦੇ ਨੇ ਉਪ ਮੁੱਖ ਮੰਤਰੀ

ਮੰਨਿਆ ਜਾ ਰਿਹਾ ਹੈ ਕਿ ਜੈਅੰਤ ਪਾਟਿਲ ਨਵੀਂ ਸਰਕਾਰ ਵਿਚ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਭੂਮਿਕਾ ਨਿਭਾਉਣਗੇ। ਪਰ ਐੱਨਸੀਪੀ ਤੋਂ ਬਗਾਵਤ ਕਰ ਕੇ ਫੜਨਵੀਸ ਨਾਲ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਅਜੀਤ ਪਵਾਰ ਦੀ ਸਰਕਾਰ ਵਿਚ ਭੂਮਿਕਾ ਹਾਲੇ ਸਪਸ਼ਟ ਨਹੀਂ ਹੈ।

ਇਹ ਨੇਤਾ ਰਹੇ ਮੌਜੂਦ

ਸਹੁੰ ਚੁੱਕ ਸਮਾਗਮ ਵਿਚ ਇਸ ਗਠਜੋੜ ਸਰਕਾਰ ਦੇ ਘਾੜੇ ਸ਼ਰਦ ਪਵਾਰ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਵੀ ਉੱਥੇ ਹਾਜ਼ਰ ਸਨ। ਕਦੀ ਸ਼ਿਵ ਸੈਨਾ ਵਿਚ ਬਾਲਾਸਾਹਬ ਠਾਕਰੇ ਦੇ ਸਿਆਸੀ ਜਾਨਸ਼ੀਨ ਮੰਨੇ ਜਾਣ ਵਾਲੇ ਊਧਵ ਦੇ ਚਚੇਰੇ ਭਰਾ ਰਾਜ ਠਾਕਰੇ ਵੀ ਸਨ ਤਾਂ ਤਮਿਲਨਾਡੂ ਦੇ ਸਿਆਸੀ ਦਲ ਦ੍ਰਮੁਕ ਦੇ ਨੇਤਾ ਸਟਾਲਿਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਵੀ ਨਜ਼ਰ ਆ ਰਹੇ ਸਨ।

ਊਧਵ ਦੇ ਰਸਤੇ ‘ਚ ਵਿਛਾਏ ਦੋ ਟਨ ਫੁੱਲ

ਊਧਵ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਵੀਰਵਾਰ ਸਵੇਰ ਤੋਂ ਹੀ ਸ਼ਿਵ ਸੈਨਾ ਦੀ ਮਜ਼ਬੂਤੀ ਵਾਲੇ ਇਲਾਕਿਆਂ ਵਿਚ ਖਾਸਾ ਉਤਸ਼ਾਹ ਦੇਖਿਆ ਜਾ ਰਿਹਾ ਸੀ। ਸ਼ਾਮ ਨੂੰ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾਂ ਸ਼ਿਵ ਸੈਨਿਕਾਂ ਦੇ ਇਕ ਸਮੂਹ ਨੇ ਦੋ ਟਨ ਗੇਂਦੇ ਦੇ ਫੁੱਲ ਊਧਵ ਦੇ ਸ਼ਿਵਾਜੀ ਪਾਰਕ ਪਹੁੰਚਣ ਵਾਲੇ ਰਸਤੇ ਵਿਚ ਵਿਛਾ ਦਿੱਤੇ ਸਨ।

ਇਨ੍ਹਾਂ ਮੰਤਰੀਆਂ ਨੇ ਚੁੱਕੀ ਸਹੁੰ

-ਏਕਨਾਥ ਸ਼ਿੰਦੇ (ਸ਼ਿਵ ਸੈਨਾ)

-ਸੁਭਾਸ਼ ਦੇਸਾਈ (ਸ਼ਿਵ ਸੈਨਾ)

-ਜੈਅੰਤ ਪਾਟਿਲ (ਐੱਨਸੀਪੀ)

-ਛਗਨ ਭੁਜਬਲ (ਐੱਨਸੀਪੀ)

-ਬਾਲਾਸਾਹਬ ਥੋਰਾਤ (ਕਾਂਗਰਸ)

-ਨਿਤਿਨ ਰਾਊਤ (ਕਾਂਗਰਸ)

ਘੱਟੋ-ਘੱਟ ਸਾਂਝਾ ਪ੍ਰੋਗਰਾਮ

-ਨੌਕਰੀਆਂ ਵਿਚ ਸਥਾਨਕ ਲੋਕਾਂ ਨੂੰ 80 ਫੀਸਦ ਪਹਿਲ

-ਕਿਸਾਨ ਬੀਮਾ ਯੋਜਨਾ ਵਿਚ ਸੁਧਾਰ

-10 ਰੁਪਏ ਵਿਚ ਭੋਜਨ ਦੀ ਥਾਲੀ ਯੋਜਨਾ

-ਤਹਿਸੀਲ ਪੱਧਰ ‘ਤੇ ਇਕ ਰੁਪਇਆ ਕਲੀਨਿਕ

-ਗ਼ਰੀਬ ਲੜਕੀਆਂ ਨੂੰ ਮੁਫ਼ਤ ਸਿੱਖਿਆ

-ਕੰਮਕਾਜੀ ਔਰਤਾਂ ਲਈ ਹੋਸਟਲ

‘ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ‘ਤੇ ਊਧਵ ਠਾਕਰੇ ਜੀ ਨੂੰ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਉਹ ਮਹਾਰਾਸ਼ਟਰ ਦੇ ਉੱਜਲ ਭਵਿੱਖ ਲਈ ਪੂਰੀ ਲਗਨ ਨਾਲ ਕੰਮ ਕਰਨਗੇ।’

-ਨਰਿੰਦਰ ਮੋਦੀ, ਪ੍ਰਧਾਨ ਮੰਤਰੀ।