ਮੋਗਾ ਦੇ ‘ਘੜੇ ਤੇ ਭਾਂਡੇ ਨਿਰਮਾਤਾ’ ਕਾਰੀਗਰਾਂ ਲਈ ਬਣਿਆ ਕਲੱਸਟਰ – ਵਿਸ਼ਵ ਪੱਧਰ ਉੱਤੇ ਪਹੁੰਚੇਗਾ ਹੁਨਰ

– ਵੱਖਰੀ ਪਛਾਣ ਬਣਾਉਣ ਅਤੇ ਆਰਥਿਕਤਾ ਉੱਪਰ ਚੁੱਕਣ ਲਈ ਸੰਗਠਿਤ ਹੋਣਾ ਸਮੇਂ ਦੀ ਲੋੜ –  ਡਿਪਟੀ ਕਮਿਸ਼ਨਰ
– ਘੜਾ ਤੇ ਭਾਂਡੇ ਨਿਰਮਾਤਾਵਾਂ ਨੂੰ ਸ਼ਨਾਖ਼ਤੀ ਕਾਰਡ ਵੰਡਣ ਲਈ ਸਮਾਗਮ ਦਾ ਆਯੋਜਨ

ਨਿਊਜ਼ ਪੰਜਾਬ 
ਮੋਗਾ,  7 ਨਵੰਬਰ – ਜ਼ਿਲਾ ਮੋਗਾ ਵਿੱਚ ਹੱਥ ਨਾਲ ਘੜੇ ਅਤੇ ਹੋਰ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਵਿਸ਼ਵ ਪੱਧਰ ਦੇ ਭਾਂਡੇ ਤਿਆਰ ਕਰਨ ਲਈ ਸੰਜੋਇਆ ਗਿਆ ਸੁਪਨਾ ਹੁਣ ਹਕੀਕਤ ਬਣਨ ਲੱਗਾ ਹੈ। ਇਹਨਾਂ ਕਾਰੀਗਰਾਂ ਦਾ ਕਲੱਸਟਰ ਬਣ ਗਿਆ ਹੈ। ਇਹਨਾਂ ਕਾਰੀਗਰਾਂ ਦੇ ਸ਼ਨਾਖ਼ਤੀ ਕਾਰਡ ਵੀ ਬਣ ਗਏ ਹਨ। ਜਿਹਨਾਂ ਨੂੰ ਵੰਡਣ ਲਈ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਾਰੀਗਰਾਂ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਲੀਡ ਜ਼ਿਲਾ ਬੈਂਕ ਅਤੇ ਅਦਾਰਿਆਂ ਦੇ ਅਧਿਕਾਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਕੈਂਪ ਵਿੱਚ ਗ੍ਰਾਂਟ ਥੋਰਨਟਨ ਭਾਰਤ ਐਲ.ਐਲ.ਪੀ ਦੇ ਨੁਮਾਇੰਦਿਆਂ ਦੁਆਰਾ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ ਗਈ । ਦੱਸਣਯੋਗ ਹੈ ਕਿ ਕੁਝ ਸਮਾਂ ਆਜ਼ਾਦੀ ਕਾ ਅਮਿ੍ਰਤ ਮਹਾਂਉਤਸਵ ਤਹਿਤ ਲਗਾਏ ਵਿਸ਼ੇਸ਼ ਕੈਂਪ ਵਿੱਚ ਕਰੀਬ 200 ਘੜਾ ਨਿਰਮਾਤਾ ਪਰਿਵਾਰਾਂ ਨੇ ਸ਼ਿਰਕਤ ਕੀਤੀ ਸੀ, ਜਿਨਾਂ ਨੂੰ ਵੱਖ-ਵੱਖ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਗਿਆ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲਾ ਮੋਗਾ ਦੇ ਇਹ ਚੰਗੇ ਭਾਗ ਹਨ ਕਿ ਇਥੇ ਵੱਡੀ ਗਿਣਤੀ ਵਿੱਚ ‘ਘੜਾ ਤੇ ਭਾਂਡੇ ਨਿਰਮਾਤਾ’ ਪਰਿਵਾਰ ਰਹਿੰਦੇ ਹਨ ਪਰ ਕਿਸੇ ਕਾਰਨਾਂ ਕਰਕੇ ਆਪਣੇ ਆਪ ਨੂੰ ਆਰਥਿਕ ਤੌਰ ਉੱਤੇ ਉੱਪਰ ਚੁੱਕਣ ਲਈ ਇਹ ਸੰਗਠਿਤ ਨਹੀਂ ਹੋ ਸਕੇ। ਹੁਣ ਸਮਾਂ ਆ ਗਿਆ ਹੈ ਕਿ ਇਨਾਂ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੀਮਾਂ ਦਾ ਲਾਭ ਦੇ ਕੇ ਇਨਾਂ ਨੂੰ ਵਿਸ਼ਵ ਪੱਧਰ ਦੇ ਭਾਂਡੇ ਬਣਾਉਣ ਦੇ ਕਾਬਿਲ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਇਸ ਤਰਾਂ ਹੋ ਜਾਂਦਾ ਹੈ ਕਿ ਇਸ ਨਾਲ ਜ਼ਿਲਾ ਮੋਗਾ ਦਾ ਨਾਮ ਵਿਸ਼ਵ ਪੱਧਰ ਉੱਤੇ ਆ ਜਾਵੇਗਾ। ਉਨਾਂ ਘੜਾ ਤੇ ਭਾਂਡੇ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲਾ ਮੋਗਾ ਦੀ ਸ਼ਾਨ ਬਣਾਉਣ ਵਿੱਚ ਅੱਗੇ ਆਉਣ। ਉਨਾਂ ਕਿਹਾ ਕਿ ਵੱਖਰੀ ਪਛਾਣ ਬਣਾਉਣ ਅਤੇ ਆਰਥਿਕਤਾ ਉੱਪਰ ਚੁੱਕਣ ਲਈ ਸੰਗਠਿਤ ਹੋਣਾ ਸਮੇਂ ਦੀ ਲੋੜ ਹੈ।
ਉਨਾਂ ਸਮੂਹ ਧਿਰਾਂ ਨੂੰ ਇੱਕ ਭਾਈਚਾਰੇ ਦੇ ਰੂਪ ਵਿੱਚ ਇਕੱਠੇ ਹੋਣ ਅਤੇ ਆਰਥਿਕ ਵਸੀਲਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਘੜਾ ਨਿਰਮਾਤਾਵਾਂ ਦੀਆਂ ਵੱਖ-ਵੱਖ ਸਮੱਸਿਆਵਾਂ ਅਤੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਉਨਾਂ ਕਿਹਾ ਕਿ ਆਮ ਲੋਕ ਜਾਗਰੂਕਤਾ ਦੀ ਕਮੀ ਕਾਰਨ ਵੱਖ-ਵੱਖ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਉਹਨਾਂ ਨੂੰ ਲੋੜੀਂਦਾ ਮਾਰਗ ਦਰਸ਼ਨ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨਾਂ ਭਾਂਡੇ/ਘੜਾ ਨਿਰਮਾਤਾਵਾਂ ਦੇ ਵਿਕਾਸ ਦੀ ਕਲਪਨਾ ਕਰਦੇ ਹੋਏ, ਉਨਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਚਰਚਾ ਦਾ ਮੁੱਖ ਵਿਸ਼ਾ ਇਹ ਸੀ ਕਿ ਭਾਈਚਾਰੇ ਦੇ ਮੈਂਬਰਾਂ ਲਈ ਸਿਖਲਾਈ, ਹੁਨਰ ਵਿਕਾਸ, ਉਤਪਾਦਨ ਵਿਕਾਸ, ਵੱਖ-ਵੱਖ ਮਸ਼ੀਨਰੀ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਵੈ ਸਹਾਇਤਾ ਸਮੂਹ (ਐਸ.ਐਚ.ਜੀ.) ਬਣਾਏ ਜਾਣੇ ਹਨ। ਹਿੱਸੇਦਾਰਾਂ ਨੂੰ ਪੂਰੇ ਭਾਰਤ ਵਿੱਚ ਜਲਦੀ ਹੀ ਪਛਾਣੇ ਜਾਣ ਵਾਲੇ ਰੇਲਵੇ ਸਟੇਸਨਾਂ ’ਤੇ ਪਲਾਸਟਿਕ ਦੀ ਵਰਤੋਂ ਨੂੰ ਬਦਲਣ ਲਈ ਕੁਲਹੜ ਦੇ ਸੰਭਾਵਿਤ ਥੋਕ ਆਰਡਰ ਬਾਰੇ ਵੀ ਸੂਚਿਤ ਕੀਤਾ ਗਿਆ।
ਗ੍ਰਾਂਟ ਥੌਰਨਟਨ ਭਾਰਤ ਐਲਐਲਪੀ ਟੀਮ ਦੇ ਨੁਮਾਇੰਦੇ ਨੇ ਕਾਰੀਗਰਾਂ ਨਾਲ ਵੱਖ-ਵੱਖ ਸਿਖਲਾਈਆਂ, ਕਾਰੀਗਰ ਕਾਰਡ, ਸਮਰੱਥਾ ਨਿਰਮਾਣ ਅਤੇ ਹੁਨਰ ਸੁਧਾਰ ਵਰਕਸਾਪਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਜਿਨਾਂ ਦਾ ਕਮਿਊਨਿਟੀ ਦੁਆਰਾ ਲਾਭ ਉਠਾਇਆ ਜਾ ਸਕਦਾ ਹੈ, ਮੁੱਖ ਤੌਰ ‘ਤੇ ਇੱਕ ਨਿਰਮਾਤਾ ਸੰਗਠਨ (ਪੀਓ) ਦੇ ਗਠਨ ਅਤੇ ਲਾਭਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਮੌਕੇ ਸਵੈ-ਸਹਾਇਤਾ ਸਮੂਹਾਂ ਅਤੇ ਮੁਦਰਾ ਯੋਜਨਾ ਦੀ ਅਰਜੀ ਆਦਿ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ।
ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸ. ਸੁਖਮਿੰਦਰ ਸਿੰਘ ਰੇਖੀ ਨੇ ਮੀਟਿੰਗ ਦੀ ਕਾਰਵਾਈ ਚਲਾਈ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਕੇ. ਵੀ. ਆਈ. ਸੀ. ਚੰਡੀਗੜ ਦੇ ਨੁਮਾਇੰਦੇ ਸ੍ਰ ਸੁਖਮਿੰਦਰ ਸਿੰਘ, ਹੈਦਰਾਬਾਦ ਤੋਂ ਸ਼੍ਰੀ ਪਵਨ, ਲੀਡ ਬੈਂਕ ਮੈਨੇਜਰ ਸ੍ਰੀਮਤੀ ਸਰਿਤਾ ਢੱਲ, ਖੇਤੀਬਾੜੀ ਵਿਭਾਗ ਤੋਂ ਡਾਕਟਰ ਸੁਖਰਾਜ ਕੌਰ ਦਿਓਲ ਅਤੇ ਹੋਰ ਵੀ ਹਾਜ਼ਰ ਸਨ।