ਸਸਕਾਰ ਰੋਕਣ ਤੇ ਰੋਸ — ਸੋਸ਼ਲ ਮੀਡੀਆ ਤੇ ਹੋ ਰਿਹਾ ਜ਼ੋਰਦਾਰ ਵਿਰੋਧ — ਰਾਗੀ ਸਿੰਘਾਂ ਵਲੋਂ ਵੇਰਕਾ ਦਾ ਬਾਈਕਾਟ

ਅਮ੍ਰਿਤਸਰ ,4 ਮਾਰਚ ( ਨਿਊਜ਼ ਪੰਜਾਬ ) – ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਦੀ ਜਥੇਬੰਦੀ ਰਾਗੀ ਸਭਾ ਵਲੋਂ ਪਦੱਮ ਸ਼੍ਰੀ ਭਾਈ ਨਿਰਮਲ ਸਿੰਘ ਦਾ ਵੇਰਕਾ ਵਿੱਚ ਸਸਕਾਰ ਕਰਨ ਤੋਂ ਰੋਕਣ ਤੇ ਰੋਸ ਵਜੋਂ ਵੇਰਕਾ ਇਲਾਕੇ ਦਾ ਬਾਈਕਾਟ ਕਰਦਿਆਂ ਉਥੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਹੋਣ ਤੇ ਰਾਗੀ ਸਿੰਘਾਂ ਤੇ ਰੋਕ ਲਾ ਦਿਤੀ ਹੈ |ਸਭਾ ਵਲੋਂ ਭਾਈ ਓਂਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੁਖੀ ਹਿਰਦੇ ਨਾਲ ਫੈਂਸਲਾ ਲਿਆ ਗਿਆ |  ਅੰਮ੍ਰਿਤਸਰ ਦੇ ਵੇਰਕਾ ਵਾਸੀਆਂ ਵੱਲੋਂ ਬੀਤੇ ਕੱਲ੍ਹ ਸਾਬਕਾ ਹਜ਼ੂਰੀ ਰਾਗੀ ਪਦੱਮ ਸ਼੍ਰੀ ਭਾਈ  ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਨੂੰ ਵੇਰਕਾ ਦੇ ਸਮਸ਼ਾਨ ਘਾਟ ਵਿੱਚ ਨਹੀਂ ਹੋਣ ਦਿੱਤਾ  ਸੀ ਜਿਸ ਕਾਰਨ  ਹੁਣ ਵੇਰਕਾ ਦੇ ਬਾਸ਼ਿੰਦਿਆਂ ਦੀ ਚੁਫੇਰਿਓਂ ਹੋ ਰਹੀ ਆਲੋਚਨਾ ਤੋਂ ਬਾਅਦ ਤੇ ਰਾਗੀ ਸਭਾ ਵੱਲੋਂ ਵੇਰਕਾ ਵਿੱਚ ਕੀਰਤਨ ਨਾ ਕੀਤੇ ਜਾਣ ਦੇ ਐਲਾਨ ਮਗਰੋਂ ਕਾਂਗਰਸੀ ਆਗੂ  ਮਾਸਟਰ ਹਰਪਾਲ ਸਿੰਘ ਵੇਰਕਾ ਜਿਸ ਨੇ ਸਸਕਾਰ ਰੋਕਣ ਵਾਲਿਆਂ ਦੀ ਅਗਵਾਈ ਕੀਤੀ ਸੀ  ਨੇ ਕਿਹਾ ਕਿ  ਸਸਕਾਰ ਵੇਰਕਾ ਵਿੱਚ ਨਾ ਹੋਣ ਦਾ ਫ਼ੈਸਲਾ ਬਿਲਕੁਲ ਸਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਫੈਸਲਾ ਲਿਆ ਗਿਆ ਸੀ।ਉਹ ਭਾਈ  ਨਿਰਮਲ ਸਿੰਘ ਦਾ ਹਮੇਸ਼ਾ ਸਤਿਕਾਰ ਕਰਦੇ ਰਹੇ ਹਨ। ਪ੍ਰਸ਼ਾਸਨ ਨੇ ਜਿਸ ਤਰ੍ਹਾਂ ਚੋਰੀ ਛਿਪੇ ਵੇਰਕਾ ਦੇ ਸਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ, ਉਸ ਨਾਲ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਵਹਿਮ ਪੈਦਾ ਹੋ ਗਏ ਸਨ ।