ਪੁਲਿਸ ਮੁਕਾਬਲਾ ਝੂਠਾ ਸੀ – ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਿੰਨ ਦਹਾਕੇ ਪੁਰਾਣੇ ਕੇਸ ਵਿੱਚ ਦੋ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ
ਨਿਊਜ਼ ਪੰਜਾਬ
ਮੁਹਾਲੀ, 27 ਅਕਤੂਬਰ – ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਿੰਨ ਦਹਾਕੇ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਦੋ ਅਫਸਰਾਂ ਸਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ।
ਤਰਨਤਾਰਨ ਦੇ ਕਰੀਬ ਤੀਹ ਸਾਲ ਪੁਰਾਣੇ ਫਰਜ਼ੀ ਮੁਕਾਬਲੇ ਨਾਲ ਸਬੰਧਤ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇੱਹ ਹੁਕਮ ਸੁਣਾਇਆ ਹੈ। ਦੋਸ਼ੀਆਂ ਵਿੱਚ ਸਾਬਕਾ ਐਸਐਚਓ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਸ਼ਾਮਲ ਹਨ। ਦੋਵਾਂ ਨੂੰ ਆਈਪੀਸੀ ਦੀ ਧਾਰਾ 302, 120 ਅਤੇ 218 ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਦੋਵਾਂ ਨੂੰ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਦੇ ਦੋ ਦੋਸ਼ੀਆਂ ਪੁਲੀਸ ਅਧਿਕਾਰੀਆਂ ਇੰਸਪੈਕਟਰ ਪੂਰਨ ਸਿੰਘ ਅਤੇ ਏਐੱਸਆਈ ਜਗੀਰ ਸਿੰਘ ਦੀ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ। ਪੁਲੀਸ ਵੱਲੋਂ ਅਦਾਲਤ ਵਿੱਚ ਸੁਣਾਈ ਗਈ ਕਹਾਣੀ ਪੂਰੀ ਤਰ੍ਹਾਂ ਝੂਠੀ ਨਿਕਲੀ। ਦੋਸ਼ੀਆਂ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ।
ਕੇਸ ਅਨੁਸਾਰ ਥਾਣਾ ਸਦਰ ਤਰਨਤਾਰਨ ਦੀ ਪੁਲੀਸ ਨੇ ਤੀਹ ਸਾਲ ਪਹਿਲਾਂ ਦਾਅਵਾ ਕੀਤਾ ਸੀ ਕਿ 15 ਅਪਰੈਲ 1993 ਨੂੰ ਸਵੇਰੇ 4.30 ਵਜੇ ਤਿੰਨ ਅਤਿਵਾਦੀਆਂ ਨੇ ਪੁਲੀਸ ’ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਉਬੋਕੇ ਵਾਸੀ ਹਰਬੰਸ ਸਿੰਘ ਕੋਲ ਹਥਿਆਰਾਂ ਦੀ ਰਿਕਵਰੀ ਲਈ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਕਰਾਸ ਫਾਇਰਿੰਗ ਵਿੱਚ ਹਰਬੰਸ ਸਿੰਘ ਅਤੇ ਇੱਕ ਹੋਰ ਅਣਪਛਾਤਾ ਅੱਤਵਾਦੀ ਮਾਰਿਆ ਗਿਆ। ਇਸ ਸਬੰਧੀ ਥਾਣਾ ਸਦਰ ਅੰਮ੍ਰਿਤਸਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 5, ਅਸਲਾ ਐਕਟ ਅਤੇ ਟਾਡਾ ਐਕਟ 302, 307 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਮ੍ਰਿਤਕ ਹਰਬੰਸ ਦੇ ਭਰਾ ਪਰਮਜੀਤ ਸਿੰਘ ਨੂੰ ਸਾਰਾ ਮਾਮਲਾ ਸ਼ੱਕੀ ਲੱਗਿਆ। ਉਸ ਨੇ ਆਪਣੇ ਮ੍ਰਿਤਕ ਭਰਾ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਉਹ ਸੁਪਰੀਮ ਕੋਰਟ ਗਏ ਸਨ। ਜਿਸ ਤੋਂ ਬਾਅਦ ਸੀਬੀਆਈ ਨੇ ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ।