ਵੇਰਕਾ ,ਅਮੂਲ ਅਤੇ ਮਦਰ ਡੇਅਰੀ ਨੇ ਦੂਜੀ ਵਾਰ ਵਧਾਈਆਂ ਦੁੱਧ ਦੀਆਂ ਕੀਮਤਾਂ – ਕੰਪਨੀਆਂ ਨੇ ਦੱਸਿਆ ਕਿਉਂ ਚੁੱਕਣਾ ਪਿਆ ਇਹ ਕਦਮ
ਨਿਊਜ਼ ਪੰਜਾਬ
ਦੇਸ਼ ਵਿੱਚ ਅੱਜ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਵੇਰਕਾ ਨੇ ਪ੍ਰਤੀ ਲਿਟਰ ਦੋ ਰੁਪਏ ਦਾ ਵਾਧਾ ਕੀਤਾ ਹੈ। ਇਸੇ ਤਰ੍ਹਾਂ ਅਮੁੂਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਮੂਲ ਅਤੇ ਮਦਰ ਡੇਅਰੀ ਨੇ ਆਪਣੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦੇ ਵਾਧੇ ਦਾ ਐਲਾਨ ਕੀਤਾ ਸੀ ।
ਵੇਰਕਾ ਤੇ ਅਮੂਲ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਦੁੱਧ ਸਪਲਾਇਰ ਮਦਰ ਡੇਅਰੀ ਨੇ ਫੁੱਲ ਕਰੀਮ ਦੁੱਧ ਅਤੇ ਗਾਂ ਦੇ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਐਤਵਾਰ 16 ਅਕਤੂਬਰ ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਕਿਹਾ ਕਿ ਲਾਗਤ ਵਧਣ ਕਾਰਨ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਫੁੱਲ ਕ੍ਰੀਮ ਦੁੱਧ ਦੀ ਕੀਮਤ 61 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 63 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ, ਜਦਕਿ ਗਾਂ ਦੇ ਦੁੱਧ ਦੀ ਕੀਮਤ ਹੁਣ 53 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 55 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਕੰਪਨੀ ਨੇ ਕਿਹਾ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ‘ਚ ਘੱਟ ਬਾਰਿਸ਼ ਅਤੇ ਚਾਰੇ ਦੀਆਂ ਕੀਮਤਾਂ ‘ਚ ਵਾਧਾ ਹੋਣ ਕਾਰਨ ਸਥਿਤੀ ਖਰਾਬ ਹੋ ਗਈ ਹੈ, ਇਸ ਲਈ ਦੁੱਧ ਦੀ ਕੀਮਤ ਵਧਾਉਣੀ ਪਈ ਹੈ। ਮਦਰ ਡੇਅਰੀ ਨੇ ਇਸ ਸਾਲ ਤੀਜੀ ਵਾਰ ਦੁੱਧ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਮਾਰਚ ’ਚ ਦਿੱਲੀ-ਐੱਨ.ਸੀ.ਆਰ. ‘ਚ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ, ਇਸ ਤੋਂ ਬਾਅਦ ਉਸੇ ਖੇਤਰ ‘ਚ ਅਗਸਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।