ਵਿਧਾਇਕ ਗੋਗੀ ਦੇ ਉੱਦਮ ਸਦਕਾ, ਰੁੱਖਾਂ ਨੂੰ ਮਿਲਿਆ ਨਵਾਂ ਜੀਵਨ

ਨਿਊਜ਼ ਪੰਜਾਬ 

ਲੁਧਿਆਣਾ, 17 ਸਤੰਬਰ  – ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸਥਾਨਕ ਪੱਖੋਵਾਲ ਰੋਡ, ਨੇੜੇ ਹੀਰੋ ਬੇਕਰੀ ਤੋਂ ਰੁੱਖਾਂ ਨੂੰ ਜੜ੍ਹੋ ਪੁੱਟ ਕੇ ਕਾਨਵੈਂਟ ਸਕੂਲ ਦੇ ਸਾਹਮਣੇ ਲਈਅਰ ਵੈਲੀ ਵਿਖੇ ਸਥਾਪਤ ਕੀਤਾ ਗਿਆ।

ਵਿਧਾਇਕ ਗੋਗੀ ਦੇ ਉੱਦਮ ਸਦਕਾ, ਇਨ੍ਹਾਂ ਰੁੱਖਾਂ ਨੂੰ ਨਵਾਂ ਜੀਵਨ ਮਿਲਿਆ ਹੈ ਅਤੇ ਇਸ ਵਾਤਾਵਰਣ ਪੱਖੀ ਉਪਰਾਲੇ ਦੀ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਐਸ.ਈ. ਸ੍ਰੀ ਸੰਜੇ ਕੁੰਵਰ ਤੋਂ ਇਲਾਵਾ ਨਿਗਮ, ਪੀ.ਐਸ.ਪੀ.ਸੀ.ਐਲ. ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਪੱਖੋਵਾਲ ਰੋਡ ‘ਤੇ ਰੇਲਵੇ ਓਵਰ ਬ੍ਰਿਜ (ਆਰ.ਓ.ਬੀ) ਦੇ ਨਿਰਮਾਣ ਕਾਰਜ਼ ਲਈ ਇਨ੍ਹਾਂ 20-25 ਰੁੱਖਾਂ ਨੂੰ ਵੱਢਣਾ ਲਾਜ਼ਮੀ ਸੀ ਜੋਕਿ ਪੁੱਲ ਦੀ ਉਸਾਰੀ ਲਈ ਅੜਿੱਕਾ ਪਾ ਰਹੇ ਸਨ। ਇਹ ਰੁੱਖ ਪਿਛਲੇ ਕਰੀਬ 15 ਸਾਲਾਂ ਤੋਂ ਲੱਗੇ ਹੋਏ ਸਨ।

ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਦੀ ਦਿਮਾਗੀ ਕਾਢ ਨਾਲ ਇਨ੍ਹਾਂ ਦਰੱਖਤਾਂ ਨੂੰ ਵੱਢਣ ਦੀ ਬਜਾਏ ਜੇ.ਸੀ.ਬੀ. ਅਤੇ ਕ੍ਰੇਨ ਦੀ ਸਹਾਇਤਾ ਨਾਲ ਜੜ੍ਹੋਂ ਪੁੱਟਿਆ ਗਿਆ ਅਤੇ ਲਈਅਰ ਵੈਲੀ ਵਿਖੇ ਡੁੰਘੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਸਥਾਪਤ ਕਰਦਿਆਂ, ਖਾਧ ਅਤੇ ਪਾਣੀ ਵੀ ਪਾਇਆ ਗਿਆ।

ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਕੁਦਰਤ ਦੀਆਂ ਸਭ ਤੋਂ ਅਨਮੋਲ ਵਸਤਾਂ ਪਾਣੀ, ਹਵਾ ਤੇ ਧਰਤੀ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੁਦਰਤੀ ਸਾਧਨ ਸਿਹਤਮੰਦ ਰਹਿਣਗੇ ਤਾਂ ਹੀ ਮਨੁੱਖ ਨਰੋਆ ਅਤੇ ਬਿਮਾਰੀਆਂ ਰਹਿਤ ਜੀਵਨ ਬਸਰ ਕਰ ਸਕਦਾ ਹੈ। ਉਨ੍ਹਾਂ ਲੁਧਿਆਣਾ ਸ਼ਹਿਰ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਬਣਾਈ ਰੱਖਣ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਾਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਹਨਾਂ ਨਾਲ ਅਸੀਂ ਪਾਣੀ, ਹਵਾ ਅਤੇ ਧਰਤੀ ਨੂੰ ਸਿਹਤਮੰਦ ਰੱਖ ਸਕੀਏ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਹੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੋਵੇਗੀ ਜੇਕਰ ਅਸੀਂ ਆਪਣੇ ਕੁਦਰਤੀ ਸੋਮਿਆਂ ਨੂੰ ਪ੍ਰਦੂਸ਼ਣ ਅਤੇ ਹੋਰ ਵਿਗਾੜਾਂ ਤੋਂ ਬਚਾ ਸਕੀਏ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੁਦਰਤ ਦੀ ਸੰਭਾਲ ਅਤੇ ਕੁਦਰਤੀ ਸੋਮਿਆਂ ਦੀ ਯੋਗ ਵਰਤੋਂ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿਹਤਮੰਦ ਵਾਤਾਵਰਣ ਅਤੇ ਕੁਦਰਤ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਇਸ ਮੌਕੇ ਜੋਨਲ ਕਮਿਸ਼ਨਰ ਜਸਦੇਵ ਸੇਖੋਂ, ਕ੍ਰਿਪਾਲ ਸਿੰਘ, ਨਵੀਨ ਗੋਗਨਾ, ਵਿਸ਼ਾਲ ਬੱਤਰਾ, ਸਤਨਾਮ ਸੰਨੀ, ਪਰਮਵੀਰ ਸਿੰਘ ਅਟਵਾਲ, ਸਤਵੀਰ ਸਿੰਘ ਸੱਤਾ, ਤਨਵੀਰ ਧਾਲੀਵਾਲ, ਅਰਜੁਨ ਸਿੱਕਾ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਮੌਜੂਦ ਸਨ।