‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਅੰਡਰ-14 ਮੁਕਾਬਲੇ ਸੰਪੰਨ
ਨਿਊਜ਼ ਪੰਜਾਬ
ਲੁਧਿਆਣਾ, 14 ਸਤੰਬਰ – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਵਿੱਚ ਨੌਜਵਾਨ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਅੰਡਰ-14 ਮੁਕਾਬਿਲਆਂ ਦੀ ਅੱਜ ਸਮਾਪਤੀ ਹੋ ਗਈ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਅੰਡਰ-14 ਮੁਕਾਬਲਿਆਂ ਦੀਆਂ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਹੌਂਸਲਾ ਅਫ਼ਜਾਈ ਕੀਤੀ ਗਈ। ਉਨ੍ਹਾਂ ਖਿਡਾਰੀਆਂ ਨੂੰ ਰਾਜ ਪੱਧਰੀ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਨਾਂ ਖੇਡਾਂ ਵਿੱਚ ਕਬੱਡੀ, ਵਾਲੀਬਾਲ, ਬਾਸਕਿਟਬਾਲ, ਐਥਲੈਟਿਕਸ, ਫੁੱਟਬਾਲ, ਬੈਡਮਿੰਟਨ, ਹਾਕੀ, ਸਾਫਟਬਾਲ, ਕੁਸ਼ਤੀ, ਹੈਂਡਬਾਲ, ਬਾਕਸਿੰਗ, ਜੂਡੋ ਅਤੇ ਟੇਬਲ ਟੈਨਿਸ ਸ਼ਾਮਿਲ ਹਨ।
ਅੱਜ ਦੇ ਮੁਕਾਬਲਿਆਂ ‘ਚ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹੈਂਡਬਾਲ ਵਿੱਚ ਪੀ.ਏ.ਯੂ. ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਜੂਡੋ 30 ਕਿਲੋ ਗ੍ਰਾਮ ਭਾਰ ਵਰਗ ‘ਚ ਅਰਸ਼ਦੀਪ, ਜਸਨੂਰ, 40 ਕਿਲੋ ‘ਚ ਸ਼ੋਰੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 28 ਕਿਲੋ ਗ੍ਰਾਮ ਭਾਰ ਵਰਗ (ਲੜਕੀਆਂ) ‘ਚ ਮਾਨਸੀ, 32 ਕਿਲੋ ‘ਚ ਨਮਰਤਾ, 36 ਕਿਲੋ ‘ਚ ਮੀਨੂੰ ਨੇ ਬਾਜੀ ਮਾਰੀ।
ਖੋ-ਖੋ (ਲੜਕੇ) ‘ਚ ਸ.ਹ.ਸ. ਚੌਂਕੀਮਾਨ ਅਤੇ ਲੜਕੀਆਂ ‘ਚ ਗੁਰੂ ਨਾਨਕ ਸਕੂਲ ਬੱਸੀਆਂ ਸਕੂਲ ਦੀ ਟੀਮ ਪਹਿਲੇ ਨੰਬਰ ‘ਤੇ ਰਹੀ। ਬਾਸਕਟਬਾਲ (ਲੜਕੇ) ‘ਚ ਡੀ.ਜੀ.ਐਸ.ਜੀ. ਕਲੱਬ ਦੀ ਟੀਮ ਜੇਤੂ ਰਹੀ ਜਦਕਿ ਲੜਕੀਆਂ ‘ਚ ਗੁਰੂ ਨਾਨਕ ਕਲੱਬ ਦੀ ਟੀਮ ਅੱਵਲ ਰਹੀ ਹੈ। ਟੇਬਲ ਟੈਨਿਸ (ਲੜਕੇ) ‘ਚ ਰਾਘਵ, ਲੜਕੀਆਂ ‘ਚ ਯਸ਼ਵੀ ਸ਼ਰਮਾ ਜੇਤੂ ਰਹੀ। ਵਾਲੀਬਾਲ (ਲੜਕੇ) ‘ਚ ਸ.ਸ.ਸ.ਸ. ਲਲਤੋਂ ਦੀ ਟੀਮ ਅਤੇ ਲੜਕੀਆਂ ‘ਚ ਸ.ਹ.ਸ. ਬੁਲੇਪੁਰ ਦੀ ਟੀਮ ਨੇ ਪਹਿਲ ਸਥਾਨ ਹਾਸਲ ਕੀਤਾ। ਫੁੱਟਬਾਲ (ਲੜਕੇ) ਦੇ ਮੁਕਾਬਲਿਆਂ ‘ਚ ਅਲੂਣਾ ਤੋਲਾ ਅਤੇ ਲੜਕੀਆਂ ‘ਚ ਗੁੱਜਰਵਾਲ ਫੁੱਟਬਾਲ ਅਕੈਡਮੀ ਦੀ ਟੀਮ ਨੇ ਬਾਜੀ ਮਾਰੀ। ਇਸ ਤੋਂ ਇਲਾਵਾ ਕਬੱਡੀ (ਨੈਸ਼ਨਲ ਸਟਾਈਲ) ‘ਚ ਸ.ਹ.ਸਕੂਲ ਜੱਸੋਵਾਲ ਦੀ ਟੀਮ ਜੇਤੂ ਰਹੀ।
ਉਨ੍ਹਾਂ ਅੱਗੇ ਕਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦੀ ਸ਼ੁਰੂਆਤ ਕਰਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਨਸ਼ਿਆਂ ਵਿੱਚ ਜਾ ਰਹੀ ਨੌਜਵਾਨ ਪੀੜੀ ਨੂੰ ਇੱਕ ਨਵੀਂ ਆਸ ਮਿਲ ਰਹੀ ਹੈ।
ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੂਰੀ ਮਿਹਨਤ ਨਾਲ ਅੱਗ ਵਧਣ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਤਾਂ ਕਿ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋ ਸਕਣ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।