ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁਚਾ ਸਿੰਘ ਜੀ ਦੀ 20ਵੀਂ ਬਰਸੀ ਸਬੰਧੀ ਸਮਾਗਮਾਂ ਦੀ ਅਰੰਭਤਾ ਹੋਈ – ਉਘੀਆਂ ਸਖਸ਼ੀਅਤਾਂ ਪੁੱਜੀਆਂ
ਗੁਰਪੁਰਵਾਸੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਭਗਤੀ ਭਾਵ ਤੇ ਪ੍ਰਭੂ ਪ੍ਰੇਮ ਵਿੱਚ ਭਿੱਜੀ ਹੋਈ ਆਤਮਾ ਸਨ -ਸੰਤ ਬਾਬਾ ਅਮੀਰ ਸਿੰਘ
ਆਰ ਐਸ ਖ਼ਾਲਸਾ
ਲੁਧਿਆਣਾ, 25ਅਗਸਤ – ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿਖੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਤੇ ਜਵੱਦੀ ਟਕਸਾਲ ਦੇ ਬਾਨੀ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 20ਵੀਂ ਬਰਸੀ ਨੂੰ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਉਣ ਸਬੰਧੀ ਸਮਾਗਮਾਂ ਦੀ ਆਰੰਭਤਾ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨਾਲ ਹੋਈ ਉਪਰੰਤ ਦਰਬਾਰ ਹਾਲ ਵਿਖੇ ਆਯੋਜਿਤ ਕੀਤੇ ਗਏ ਸਮਾਗਮ ਅੰਦਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕਰਨ ਉਪਰੰਤ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਅਤੇ ਬਾਨੀ ਜਵੱਦੀ ਟਕਸਾਲ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਗੁਰੂ ਆਸੇ ਅਨੁਸਾਰ ਗੁਰਮਤਿ ਸਿਧਾਂਤ ਤੇ ਗੁਰਮਤਿ ਸੰਗੀਤ ਦੀ ਪ੍ਰਫੁੱਲਤ ਲਈ ਲਗਾ ਕੇ ਪੰਥ ਅੰਦਰ ਇੱਕ ਅਲੌਕਿਕ ਮਿਸਾਲ ਕਾਇਮ ਕੀਤੀ।ਉਨ੍ਹਾਂ ਨੇ ਕਿਹਾ ਕਿ ਸੰਤ ਬਾਬਾ ਸੁਚਾ ਸਿੰਘ ਜੀ ਭਗਤੀ ਭਾਵ ਤੇ ਪ੍ਰਭੂ ਪ੍ਰੇਮ ਵਿੱਚ ਭਿੱਜੀ ਹੋਈ ਆਤਮਾ ਸਨ,ਬਾਬਾ ਜੀ ਨੇ ਧਰਮ ਪ੍ਰਚਾਰ ਦੇ ਵੱਡੇ ਕਾਰਜ ਕੀਤੇ ਜਿੰਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ 31 ਸ਼ੁੱਧ ਤੇ 31 ਮਿਸ਼ਰਤ ਰਾਗਾਂ ਨੂੰ ਨਿਰਧਾਰਿਤ ਰਾਗਾਂ ਵਿੱਚ ਗਾਇਨ ਕਰਵਾਉਣ ਲਈ ਸੰਨ 1991 ਵਿੱਚ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ ਕਰਕੇ ਅਲੋਪ ਹੋ ਰਹੀ ਰਾਗਾਂ ਵਿੱਚ ਕੀਰਤਨ ਕਰਨ ਦੀ ਪ੍ਰੰਪਰਾ ਨੂੰ ਮੁੜ ਸੁਰਜੀਤ ਕੀਤਾ।ਜੋ ਕਿ ਅੱਜ ਵੀ ਨਿਰੰਤਰ ਜਾਰੀ ਹੈ ਅਤੇ ਇਨ੍ਹਾਂ ਮਿਸਾਲੀ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਆਪ ਜੀ ਨੂੰ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 20 ਵੀਂ ਬਰਸੀ ਦੇ ਸਬੰਧ ਵਿੱਚ ਆਰੰਭ ਹੋਏ ਸਮਾਗਮਾਂ ਅੰਦਰ ਉਹ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਜੱਸ ਸਰਵਣ ਕਰਨ।ਇਸ ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 20 ਵੀ ਬਰਸੀ ਸਮਾਗਮ ਮੌਕੇ ਸਵ.ਗੁਰਦੀਪ ਸਿੰਘ ਮੱਕੜ,ਸਵ.ਬੀਬੀ ਗੁਰਚਰਨ ਕੌਰ ਮੱਕੜ ਅਤੇ ਸਵ.ਬੱਚੀ ਪ੍ਰਭਲੀਨ ਕੌਰ ਮੱਕੜ ਦੀ ਪਿਆਰੀ ਤੇ ਮਿੱਠੀ ਸਲਾਨਾ ਯਾਦ ਨੂੰ ਸਮਰਪਿਤ ਰੋਟਰੀ ਕਲੱਬ ਲੁਧਿਆਣਾ ਨੌਰਥ ਦੇ ਨਿੱਘੇ ਸਹਿਯੋਗ ਨਾਲ ਸੰਗਤਾਂ ਲਈ ਲਗਾਏ ਗਏ ਫਰੀ ਮੈਡੀਕਲ ਚੈਂਕ ਅੱਪ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਵੀ ਕੀਤਾ
ਅਤੇ ਕੈਂਪ ਦੇ ਮੁੱਖ ਪ੍ਰਬੰਧਕ ਸ.ਦਲਬੀਰ ਸਿੰਘ ਮੱਕੜ ਵੱਲੋ ਆਪਣੇ ਪ੍ਰਵਾਰਿਕ ਮੈਬਰਾਂ ਦੀ ਯਾਦ ਨੂੰ ਸਮਰਪਿਤ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਕੈਂਪ ਦੀ ਆਰੰਭਤਾ ਉਪਰੰਤ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਅੱਖਾਂ, ਦੰਦਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਨਿਸ਼ਕਾਮ ਰੂਪ ਵਿੱਚ ਇਲਾਜ ਕਰਨ ਲਈ ਵਿਸ਼ੇਸ਼ ਤੌਰ ਤੇ ਆਪਣੀਆਂ ਟੀਮਾਂ ਨਾਲ ਪੁੱਜੇ ਅੱਖਾਂ ਦੇ ਪ੍ਰਸਿੱਧ ਡਾਕਟਰ ਰਮੇਸ਼ ਐਮ.ਡੀ(ਸਟੇਟ ਐਵਾਰਡੀ) ਅਤੇ ਦੰਦਾਂ ਦਾ ਇਲਾਜ ਕਰਨ ਵਾਲੇ ਪ੍ਰਮੁੱਖ ਡਾ.ਰਾਜਨਬੀਰ ਸਿੰਘ ਥਿੰਦ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਦੇ ਨਾਲ ਹੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਦਾ ਨਿਰੀਖਣ ਕਰਕੇ ਆਪਣਾ ਕੀਮਤੀ ਖੂਨਦਾਨ ਕਰਨ ਵਾਲੀਆਂ ਸੰਗਤਾਂ ਨੂੰ ਚੰਗੇ ਕਾਰਜ ਲਈ ਆਪਣ ਦਿਲੀ ਆਸੀਸ ਦਿੱਤੀ।ਇਸ ਤੋ ਪਹਿਲਾਂ ਬਰਸੀ ਸਮਾਗਮ ਨੂੰ ਮਨਾਉਣ ਲਈ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ ਬੀਤੀ ਰਾਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਆਯੋਜਿਤ ਕੀਤੇ ਗਏ ਧਾਰਮਿਕ ਸਮਾਗਮ ਵਿੱਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਭਾਈ ਗੁਰਪ੍ਰੀਤ ਸਿੰਘ ਭਾਈ ਅਰਸ਼ਦੀਪ ਸਿੰਘ ਤੇ ਭਾਈ ਭਾਈ ਜਗਮੋਹਨ ਸਿੰਘ ਨੇ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕੀਤਾ, ਉੱਥੇ ਦੇਰ ਰਾਤ ਤੱਕ ਚੱਲੇ ਕੀਰਤਨ ਦਰਬਾਰ ਅੰਦਰ ਗੁਰਮਤਿ ਰਾਗੀ ਸਭਾ ਲੁਧਿਆਣਾ ਦੇ ਕੀਰਤਨੀ ਜੱਥਿਆਂ ਨੇ ਸਾਂਝੇ ਰੂਪ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸਮਾਪਤੀ ਉਪਰੰਤ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਉ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ*ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਦੀ 20ਵੀਂ ਬਰਸੀ ਸਬੰਧੀ ਸਮਾਗਮਾਂ ਦੀ ਅਰੰਭਤਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨਾਲ ਹੋਈ I