ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ‘ਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਹੋਈ ਸ਼ੁਰੂਆਤ
ਨਿਊਜ਼ ਪੰਜਾਬ
ਪਟਿਆਲਾ – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸ਼ਰਾਰੀ ਦੀ ਰਹਿਨੁਮਾਈ ਹੇਠ ਅੱਜ ਪਟਿਆਲਾ ਜ਼ਿਲ੍ਹੇ ਦੇ ਇਕ ਹਜ਼ਾਰ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਅੰਬ ਦਾ ਬੂਟਾ ਲਗਾ ਕੇ ਇਸ ਬੂਟੇ ਲਾਉਣ ਦੀ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਡੀ.ਪੀ.ਆਈ -ਕਮ- ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਪਟਿਆਲਾ ਹਰਿੰਦਰ ਕੌਰ, ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਨਰਿੰਦਰ ਬੀਰ ਸਿੰਘ ਮਾਨ, ਪ੍ਰਿੰਸੀਪਲ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਤੋਤਾ ਸਿੰਘ ਤੇ ਇੰਦਰਜੀਤ ਸਿੰਘ ਵਾਲੀਆ ਵੱਲੋਂ ਬੂਟੇ ਲਗਾਏ ਗਏ। ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਕਿਹਾ ਕਿ ਵਾਤਾਵਰਣ ਅਤੇ ਹਵਾ ਦੀ ਸ਼ੁੱਧਤਾ ਲਈ ਬੂਟੇ ਲਗਾਉਣਾ ਸਮੇਂ ਦੀ ਲੋੜ ਹੈ ਅਤੇ ਬਾਗਬਾਨੀ ਵਿਭਾਗ ਵੱਲੋਂ ਫਲਦਾਰ ਬੂਟੇ ਲਗਾ ਕੇ ਆਮ ਲੋਕਾਂ ਨੂੰ ਤੇ ਪੰਛੀਆਂ ਨੂੰ ਫਲ ਉਪਲਬਧ ਕਰਾਉਣ ਦਾ ਵਧੀਆ ਉੱਦਮ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਜ ਜ਼ਿਲ੍ਹੇ ਦੇ ਸਾਰੇ ਤਹਿਸੀਲ, ਬਲਾਕ ਆਪਣੇ ਪਿੰਡ ਪੱਧਰ ‘ਤੇ ਸਕੂਲਾਂ ਵਿੱਚ ਪਟਿਆਲਾ ਤੋਂ ਇਲਾਵਾ ਐਸ.ਡੀ.ਐਮ ਦੂਧਨਸਾਧਾਂ ਕਿਰਪਾਲਬੀਰ ਸਿੰਘ (ਪੀ.ਸੀ.ਐਸ) ਵੱਲੋਂ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੂਧਨਸਾਧਾਂ ਵਿਖੇ ਅੱਜ ਬੂਟੇ ਲਗਾਏ ਗਏ ਹਨ।
ਇਸ ਮੌਕੇ ਕੁਲਵਿੰਦਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਪਟਿਆਲਾ, ਸ੍ਰੀਮਤੀ ਨਵਨੀਤ ਕੌਰ ਬਾਗਬਾਨੀ ਵਿਕਾਸ ਅਫ਼ਸਰ ਭੁਨਰਹੇੜੀ, ਹਰਿੰਦਰਪਾਲ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਪਟਿਆਲਾ, ਦਿਲਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਸਮਾਣਾ, ਨਾਜ਼ਰ ਸਿੰਘ ਬਾਗਬਾਨੀ ਉਪ ਨਿਰੀਖਕ, ਸ੍ਰੀ ਵਿਸ਼ਾਲ ਰਤਨ, ਪ੍ਰਵੀਨ ਕੁਮਾਰ ਅਤੇ ਛੱਜੂ ਸਿੰਘ (ਕੌਮੀ ਬਾਗਬਾਨੀ ਮਿਸ਼ਨ) ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।