ਕੈਬਨਿਟ ਮੰਤਰੀ ਨਿੱਝਰ ਵੱਲੋਂ 360 ਈ- ਰਿਕਸ਼ਾ ਤੇ 10 ਫਾਇਰ ਗੱਡੀਆਂ ਲੁਧਿਆਣਾ ਨਿਗਮ ਦੇ ਹਵਾਲੇ ਕੀਤੀਆਂ – ਵਿਧਾਇਕਾ ਛੀਨਾ ਵੱਲੋਂ ਧੰਨਵਾਦ 

ਰਾਜਿੰਦਰ ਸਿੰਘ ਸਰਹਾਲੀ

ਲੁਧਿਆਣਾ – ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੱਲੋਂ ਨਗਰ ਨਿਗਮ ਅਧੀਨ ਪੈਂਦੇ ਇਲਾਕਿਆਂ ਚੋਂ ਕੂੜਾ ਕਰਕਟ ਚੁੱਕਣ ਲਈ 95 ਵਾਰਡਾਂ ਲਈ 360 ਈ-ਰਿਕਸ਼ਾ ਵਾਹਨਾਂ ਅਤੇ ਫਾਇਰ ਬ੍ਰਿਗੇਡ ਦੀਆਂ 10 ਅਤਿਆਧੁਨਿਕ ਗੱਡੀਆਂ ਨੂੰ ਹਰੀ ਝੰਡੀ ਦਿੱਤੇ ਜਾਣ ਤੇ ਸ੍ਰੀ ਨਿੱਝਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਸਫਾਈ ਦੀ ਹਾਲਤ ਬਹੁਤ ਹੀ ਬਦਤਰ ਬਣ ਚੁੱਕੀ ਹੈ ਪਰ ਹੁਣ ਸਫਾਈ ਮੁਲਾਜ਼ਮਾਂ ਨੂੰ ਇਹ ਈ-ਰਿਕਸ਼ਾ ਮਿਲ ਜਾਣ ਕਾਰਨ ਕੂੜਾ ਕਰਕਟ ਸਹੀ ਸਮੇਂ ਤੇ ਡੰਪ ਤੱਕ ਪੁੱਜਦਾ ਹੋ ਜਾਇਆ ਕਰੇਗਾ ।
ਬੀਬੀ ਛੀਨਾ ਨੇ ਦੱਸਿਆ ਕਿ ਪਿੱਛਲੇ ਦਿਨੀਂ ਆਪ ਦੇ ਸਾਰੇ ਵਿਧਾਇਕਾਂ ਨੂੰ ਸੀਵਰਮੈਨ ਸਫਾਈ ਕਰਮਚਾਰੀ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਇਕ ਮੰਗ ਪੱਤਰ ਦਿੱਤਾ ਗਿਆ ਸੀ । ਜਿਸ ਵਿਚ ਉਨ੍ਹਾਂ ਮੰਗ ਕੀਤੀ ਸੀ ਕਿ ਪਿੱਛਲੇ ਲੰਮੇ ਸਮੇਂ ਤੋਂ ਨਿਗਮ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ।  ਸਾਰੇ ਵਿਧਾਇਕਾਂ ਨੇ ਉਹ ਮੰਗ ਪੱਤਰ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਸਾਹਮਣੇ ਰੱਖਿਆ ਸੀ, ਜਿਨ੍ਹਾਂ  ਭਰੋਸਾ ਦਿੱਤਾ ਸੀ ਕਿ ਉਹ ਜਲਦ ਹੀ ਲੁਧਿਆਣਾ  ਪਹੁੰਚ ਕੇ ਰੋਸ ਧਰਨੇ ਤੇ ਭੁੱਖ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰਨਗੇ । ਬੀਬੀ ਛੀਨਾ ਨੇ ਦੱਸਿਆ ਕਿ ਸ੍ਰੀ ਨਿੱਝਰ ਰੋਸ ਧਰਨੇ ਤੇ ਭੁੱਖ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਧਰਨਾ ਤੇ ਭੁੱਖ ਹੜਤਾਲ ਖਤਮ ਕਰਨ ਲਈ ਕਿਹਾ । ਸ੍ਰੀ ਨਿੱਝਰ ਨੇ ਮੁਲਾਜ਼ਮਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਅੱਜ ਤੋਂ  ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਹੋਣ ਦੇ ਨਿਯੁਕਤੀ ਪੱਤਰ ਉਨ੍ਹਾਂ ਨੂੰ ਸੌਂਪ ਦਿੱਤੇ ਜਾਣਗੇ ।
ਇਸ ਮੌਕੇ ਬੀਬੀ ਛੀਨਾ ਨੇ ਕਿਹਾ ਕਿ ਸਫਾਈ ਮੁਲਾਜ਼ਮ ਆਪਣੀ ਡਿਊਟੀ ਪੂਰੀ ਇਮਾਨਦਾਰੀ , ਲਗਨ ਅਤੇ ਮਿਹਨਤ ਨਾਲ ਨਿਭਾਉਣ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਠੀਕ ਰਹੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦਾ ਧਿਆਨ ਰੱਖਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ।
ਇਸ ਮੌਕੇ ਵਿਧਾਇਕ ਪੱਪੀ ਪਰਾਸ਼ਰ , ਵਿਧਾਇਕ ਮਦਨ ਲਾਲ ਬੱਗਾ , ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ , ਜ਼ੋਨਲ ਕਮਿਸ਼ਨਰ ਨੀਰਜ ਜੈਨ , ਨਰੇਸ਼ ਧੀਂਗਾਨ , ਪੁਲਿਸ ਕਮਿਸ਼ਨਰ ਕੌਸ਼ਤੁਭ ਸ਼ਰਮਾ , ਅਸ਼ਵਨੀ ਸਹੋਤਾ ਤੋਂ ਇਲਾਵਾ ਵੱਡੀ ਗਿਣਤੀ  ਵਿੱਚ ਕੱਚੇ ਸਫਾਈ ਤੇ ਸੀਵਰਮੈਨ ਮੁਲਾਜ਼ਮ ਹਾਜ਼ਰ ਸਨ ।

ਕੈਪਸ਼ਨ : ਕੈਬਿਨਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਰੀਬਨ ਕੱਟ ਕੇ ਈ . ਰਿਕਸ਼ਿਆਂ ਨੂੰ ਰਵਾਨਾ ਕਰਦੇ ਹੋਏ । ਉਨ੍ਹਾਂ ਨਾਲ ਦਿਖਾਈ ਦੇ ਰਹੀ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਅਤੇ ਵਿਧਾਇਕ ਪੱਪੀ ਪਰਾਸ਼ਰ ।