ਪੂਰੇ ਪੰਜਾਬ ਵਿੱਚ 1.25 ਲੱਖ ਫ਼ਲਦਾਰ ਪੌਦੇ ਲਗਾਉਣ ਦੀ ਮੁਹਿੰਮ ਦਾ ਹੋਇਆ ਆਗਾਜ਼


ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਡਗਰੂ ਵਿਖੇ ਪੌਦੇ ਲਗਾ ਕੇ ਆਰੰਭੀ ਜ਼ਿਲ੍ਹਾ ਮੋਗਾ ਦੀ ਹਰਿਆਵਲ ਮੁਹਿੰਮ

ਨਿਊਜ਼ ਪੰਜਾਬ

ਮੋਗਾ – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ‘ਤੇ ਪੂਰੇ ਪੰਜਾਬ ਵਿੱਚ ਕੁੱਲ 1.25 ਲੱਖ ਬੂਟੇ ਲਗਾਉਣ ਦੀ ਮੁਹਿੰਮ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਡਗਰੂ ਵਿਖੇ ਫ਼ਲਦਾਰ ਬੂਟੇ ਲਗਾ ਕੇ ਇਸ ਮੁਹਿੰਮ ਦੀ ਜ਼ਿਲ੍ਹਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਡਾਇਰੈਕਟਰ ਬਾਗਬਾਨੀ ਮੋਗਾ ਜਤਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਵਰਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸੁਸ਼ੀਲ ਕੁਮਾਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਕਰਮਚਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਸਕੂਲ ਦੇ ਬੱਚਿਆਂ ਨਾਲ ਬੂਟਿਆਂ ਦੀ ਕਿਸਮ ਅਤੇ ਇਨ੍ਹਾਂ ਦੀ ਮਹੱਤਤਾ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਸਮੇਂ ਉਨ੍ਹਾਂ ਆਪਣੇ ਬਿਆਨ ਵਿੱਚ ਦੱਸਿਆ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਵੀ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਸਭ ਤੋਂ ਵੱਧ ਦਿਲਚਸਪ ਅਤੇ ਵਾਤਾਵਰਨ ਅਨੁਕੂਲ ਗਤੀਵਿਧੀਆਂ ਵਿੱਚ ਆਉਂਦਾ ਹੈ। ਰੁੱਖ ਲੰਬੇ ਸਮੇਂ ਲਈ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਕੁੰਜੀ ਹਨ ਕਿਉਂਕਿ ਇਹ ਆਕਸੀਜਨ ਪ੍ਰਦਾਨ ਕਰਨ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ, ਜਲਵਾਯੂ ਸੁਧਾਰ, ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ ਆਦਿ ਲਈ ਜਿੰਮੇਵਾਰ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਅਜੋਕੇ ਹਾਲਾਤਾਂ ਵਿੱਚ ਰੁੱਖ ਲਗਾਉਣੇ ਬਹੁਤ ਜਰੂਰੀ ਹਨ।
ਉਨ੍ਹਾਂ ਕਿਹਾ ਕਿ ਰੁੱਖ ਸਾਡੇ ਲਈ ਉਨੇ ਹੀ ਜਰੂਰੀ ਹਨ ਜਿੰਨੇ ਕਿ ਸਾਡੇ ਲਈ ਸਾਹ ਜਰੂਰੀ ਹਨ। ਦਰੱਖਤਾਂ ਦਾ ਮਾਨਵ ਜਾਤੀ ਲਈ ਹੀ ਨਹੀਂ ਸਗੋਂ ਸਾਰੇ ਜੀਵ ਪ੍ਰਾਣੀਆਂ ‘ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ਧਰਤੀ ‘ਤੇ ਰੁੱਖਾਂ ਦੀ ਗਿਣਤੀ ਘਟਾਉਣ ਨਾਲ ਜੁੜੇ ਮੁੱਦੇ ਨੂੰ ਜਾਣਨ ਲਈ ਇਸ ਪ੍ਰਕਾਰ ਦੇ ਪ੍ਰੋਗਰਾਮਾਂ ਵਿਚ ਵਧੇਰੇ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਸਾਨੂੰ ਹਮੇਸ਼ਾਂ ਸਰਗਰਮ ਰਹਿਣਾ ਚਾਹੀਦਾ ਹੈ ਅਤੇ ਧਰਤੀ ‘ਤੇ ਹਰੇ ਸੋਨੇ ਦੀ ਮੌਜੂਦਗੀ ਦੇ ਸੰਬੰਧ ਵਿਚ ਆਪਣੀਆਂ ਅੱਖਾਂ ਨੂੰ ਖੁੱਲ੍ਹੀਆਂ ਰੱਖਣਾ ਚਾਹੀਦਾ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸੇ ਲੜੀ ਬਲਾਕ ਮੋਗਾ-1 ਵਿੱਚ ਗੁਰਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਵੱਲੋਂ, ਮੋਗਾ-2 ਵਿੱਚ ਗੁਰਜੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਵੱਲੋਂ, ਧਰਮਕੋਟ ਵਿੱਚ ਮੁਨੀਸ਼ ਨਰੂਲਾ ਬਾਗਬਾਨੀ ਵਿਕਾਸ ਅਫ਼ਸਰ ਵੱਲੋਂ, ਨਿਹਾਲ ਸਿੰਘ ਵਾਲਾ ਵਿਖੇ ਰਮਨਪ੍ਰੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਵੱਲੋਂ ਅਤੇ ਜਸਵੀਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਵੱਲੋਂ ਬਾਘਾਪੁਰਾਣਾ ਬਲਾਕ ਦੇ ਸਕੂਲਾਂ ਵਿੱਚ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।