10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ
ਨਿਊਜ਼ ਪੰਜਾਬ
ਲੁਧਿਆਣਾ, 02 ਮਾਰਚ – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਭਰੋਸਾ ਦਿੱਤਾ ਕਿ 10 ਮਾਰਚ, 2020 ਨੂੰ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਕਾਊਂਟਿੰਗ ਸੈਂਟਰਾਂ ‘ਤੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ 14 ਕੇਂਦਰਾਂ ‘ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਦਾਖਾ ਹਲਕੇ ਲਈ ਸਟਰਾਂਗ ਰੂਮ ਡਾ. ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ, ਲੁਧਿਆਣਾ ਉੱਤਰੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ., ਲੁਧਿਆਣਾ ਪੱਛਮੀ ਲਈ ਜਿਮਨੇਜ਼ੀਅਮ ਹਾਲ ਪੀ.ਏ.ਯੂ., ਸਮਰਾਲਾ ਤੇ ਲੁਧਿਆਣਾ ਪੂਰਬੀ ਲਈ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ, ਸਾਹਨੇਵਾਲ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਲਜ ਰੋਡ, ਲੁਧਿਆਣਾ, ਰਾਏਕੋਟ ਲਈ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ, ਲੁਧਿਆਣਾ ਸੈਂਟਰਲ ਲਈ ਆਰੀਆ ਕਾਲਜ, ਆਡੀਟੋਰੀਅਮ ਹਾਲ ਵਿਖੇ, ਲੁਧਿਆਣਾ ਦੱਖਣੀ ਲਈ ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਹਲਕਾ ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ, ਪਾਇਲ ਲਈ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ, ਖੰਨਾ ਲਈ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ। (ਅਪਲਾਈਡ ਸਾਇੰਸ ਬਿਲਡਿੰਗ) ਅਤੇ ਆਤਮ ਨਗਰ ਹਲਕੇ ਲਈ ਜੀ.ਐਨ.ਈ. ਪੋਲੀਟੈਕਨਿਕ ਕਾਲਜ, ਗਿੱਲ ਰੋਡ ਲੁਧਿਆਣਾ ਦੀ ਨਵੀਂ ਬਿਲਡਿੰਗ ਵਿਖੇ ਸਟਰਾਂਗ ਰੂਮ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ ਵਰਤੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸਖ਼ਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ ਕੇਂਦਰੀ ਪੈਰਾ ਮਿਲਟਰੀ ਫੋਰਸ (ਸੀ.ਏ.ਪੀ.ਐਫ.), ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਦੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਟਰਾਂਗ ਰੂਮਜ਼ ਦੇ ਅੰਦਰਲੇ ਘੇਰੇ ਦੀ ਸੁਰੱਖਿਆ ਕੇਂਦਰੀ ਪੈਰਾ ਮਿਲਟਰੀ ਫੋਰਸ, ਦੂਜੇ ਘੇਰੇ ਦੀ ਪੰਜਾਬ ਆਰਮਡ ਪੁਲਿਸ ਵੱਲੋਂ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਟਰਾਂਗ ਰੂਮਜ਼ ਨੂੰ ਬਾਹਰੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਊਂਟਿੰਗ ਏਜੰਟਾਂ ਨੂੰ ਆਪਣੇ ਸਬੰਧਤ ਰਿਟਰਨਿੰਗ ਅਫ਼ਸਰ (ਆਰ.ਓ) ਰਾਹੀਂ ਪਛਾਣ ਪੱਤਰ ਬਣਵਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕਾਉਂਟਿੰਗ ਏਜੰਟ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਕਾਉਂਟਿੰੰਗ ਸੈਂਟਰ ਵਿੱਚ ਪਹੁੰਚ ਜਾਣ। ਉਨ੍ਹਾਂ ਦੱਸਿਆ ਕਿ ਕਾਊਂਟਿੰਗ ਸਥਾਨ ‘ਤੇ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਂਟਿੰਗ ਟੇਬਲ (ਦੋਵੇਂ ਪਾਸੇ 7-7) ਸਥਾਪਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰਾਂਗ ਰੂਮਜ਼ ਦੀ ਚੌਵੀ ਘੰਟੇ ਈ-ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪ੍ਰਬੰਧਾਂ ‘ਤੇ ਤਿੱਖੀ ਨਜ਼ਰ ਰੱਖਣ ਲਈ ਆਪਣੇ ਨੁਮਾਇੰਦੇ ਤਾਇਨਾਤ ਕਰ ਸਕਦੇ ਹਨ।
ਇਸ ਮੌਕੇ ਉਨ੍ਹਾਂ ਸਟਰਾਂਗ ਰੂਮਾਂ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ, ਜਿਨ੍ਹਾਂ ਪ੍ਰਸ਼ਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਤੇ ਆਪਣੀ ਤਸੱਲੀ ਪ੍ਰਗਟਾਈ ਹੈ।