ਏਸ਼ੀਆਈ ਚੈਂਪੀਅਨ ਟਰਾਫੀ – ਹਰਮਨਪ੍ਰੀਤ ਦੇ 2 ਗੋਲਾਂ ਸਦਕਾ ਭਾਰਤੀ ਹਾਕੀ ਟੀਮ ਦੀ ਪਾਕਿਸਤਾਨ ਤੇ ਸ਼ਾਨਦਾਰ ਜਿੱਤ

ਭਾਰਤ ਨੇ ਹਾਕੀ ‘ਚ ਪਾਕਿਸਤਾਨ ਤੋਂ ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਮੈਚ ‘ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਇੱਕ ਗੋਲ ਅਕਾਸ਼ਦੀਪ ਸਿੰਘ ਨੇ ਕੀਤਾ। 

ਢਾਕਾ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ – ਅੱਜ ਢਾਕਾ ਵਿੱਚ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਇਸ ਮੈਚ ਵਿੱਚ ਜਿੱਤ ਨਾਲ ਭਾਰਤ ਦੇ 7 ਅੰਕ ਹੋ ਗਏ ਹਨ। ਭਾਰਤ ਦੀ ਸੈਮੀਫਾਈਨਲ ਤੱਕ ਪਹੁੰਚ ਵੀ ਹੁਣ ਪੱਕੀ ਹੋ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਵੀ ਸੈਮੀਫਾਈਨਲ ‘ਚ ਪਹੁੰਚ ਸਕਦੀ ਹੈ, ਕਿਉਂਕਿ ਇਸ ਟੂਰਨਾਮੈਂਟ ‘ਚ ਸਿਰਫ 5 ਟੀਮਾਂ ਹੀ ਖੇਡ ਰਹੀਆਂ ਹਨ। ਪਾਕਿਸਤਾਨ ਟੀਮ ਦਾ ਹੁਣ 1 ਅੰਕ ਹੈ।

ਹਰਮਨਪ੍ਰੀਤ ਦਾ ਕਮਾਲ
ਹਰਮਨਪ੍ਰੀਤ ਸਿੰਘ ਨੇ ਮੈਚ ਦੇ ਪਹਿਲੇ ਅਤੇ ਚੌਥੇ ਕੁਆਰਟਰ ਵਿੱਚ ਭਾਰਤ ਲਈ ਦੋ ਸ਼ਾਨਦਾਰ ਗੋਲ ਕੀਤੇ। ਇਸ ਖਿਡਾਰੀ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਖੇਡ ਦਿਖਾਈ। ਉਸ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ। ਹਰਮਨਪ੍ਰੀਤ ਤੋਂ ਇਲਾਵਾ ਅਕਾਸ਼ਦੀਪ ਸਿੰਘ ਨੇ ਇੱਕ ਗੋਲ ਕੀਤਾ। ਇਸ ਦੇ ਨਾਲ ਹੀ ਪਾਕਿਸਤਾਨ ਲਈ ਇਕਮਾਤਰ ਗੋਲ ਜੁਨੈਦ ਮਨਜ਼ੂਰ ਨੇ ਕੀਤਾ।

ਭਾਰਤੀ ਖਿਡਾਰੀਆਂ ਨੇ
ਪਹਿਲੇ ਕੁਆਰਟਰ ਤੱਕ ਰੱਖਿਆ ਦਬਾਅ  – ਭਾਰਤੀ ਖਿਡਾਰੀਆਂ ਨੇ ਮੈਚ ਦੇ ਪਹਿਲੇ ਕੁਆਰਟਰ ਤੋਂ ਹੀ ਪਾਕਿਸਤਾਨ ‘ਤੇ ਦਬਾਅ ਬਣਾਈ ਰੱਖਿਆ। ਟੀਮ ਇੰਡੀਆ ਪਹਿਲੇ ਕੁਆਰਟਰ ਵਿੱਚ 1-0 ਨਾਲ ਅੱਗੇ ਸੀ। ਭਾਰਤ ਇਸ ਕੁਆਰਟਰ ਵਿੱਚ ਦੋ ਹੋਰ ਗੋਲ ਕਰ ਸਕਦਾ ਸੀ ਪਰ ਪਾਕਿਸਤਾਨ ਦੇ ਗੋਲਕੀਪਰ ਅਲੀ ਅਮਜਦ ਨੇ ਦੋ ਸ਼ਾਨਦਾਰ ਬਚਾਅ ਕੀਤੇ।

ਦੂਜੇ ਕੁਆਰਟਰ ਵਿੱਚ ਵੀ ਭਾਰਤੀ ਟੀਮ ਗੋਲ ਕਰਨ ਲਈ ਲਗਾਤਾਰ ਹਮਲੇ ਕਰ ਰਹੀ ਸੀ ਪਰ ਪਾਕਿਸਤਾਨ ਦੇ ਡਿਫੈਂਸ ਨੇ 3 ਸ਼ਾਨਦਾਰ ਡਿਫੈਂਸ ਕੀਤੇ।