ਕੇਂਦਰ ਸਰਕਾਰ ਵੱਲੋਂ ਮੰਗਾਂ ਸਬੰਧੀ ਪੱਤਰ ਜਾਰੀ ਕਰਨ ਤੋਂ ਬਾਅਦ ਕਿਸਾਨ ਅੰਦੋਲਨ ਖ਼ਤਮ ਕਰਨ ਦਾ ਐਲਾਨ, ਫਤਹਿ ਮਾਰਚ 11 ਦਿਸੰਬਰ ਨੂੰ
ਨਵੀਂ ਦਿੱਲੀ, 9 ਦਸੰਬਰ (ਨਵਜੋਤ ਸਿੰਘ)
ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸਬੰਧੀ ਅਧਿਕਾਰਤ ਪੱਤਰ ਭੇਜਿਆ ਹੈ।ਇਸ ਦੌਰਾਨ ਮੋਰਚੇ ਨੇ ਦਿੱਲੀ ਬਾਰਡਰਾਂ ਨੂੰ 11 ਦਸੰਬਰ ਨੂੰ ਖਾਲ੍ਹੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਸ ਦਿਨ ਕਿਸਾਨ ਜੇਤੂ ਮਾਰਚ ਕਰਦੇ ਹੋਏ ਘਰਾਂ ਨੂੰ ਵਾਪਸੀ ਕਰਨਗੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਐੱਮਐੱਸਪੀ ਦੇਣਾ ਯਕੀਨੀ ਬਣਾਇਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਦਿੱਲੀ, ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਕਿਸਾਨਾਂ ’ਤੇ ਦਰਜ ਕੇਸ ਵਾਪਸ ਲਏ ਜਾਣਗੇ। ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਹਰਿਆਣਾ ਤੇ ਯੂਪੀ ਸਰਕਾਰਾਂ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਬਿਜਲੀ ਬਿਲ ਐੱਸਕੇਐੱਮ ਦੇ ਆਗੂਆਂ ਨਾਲ ਗੱਲਬਾਤ ਕਰਕੇ ਹੀ ਪੇਸ਼ ਕੀਤਾ ਜਾਵੇਗਾ ਤੇ ਆਗੂਆਂ ਨਾਲ ਕਿਸਾਨਾਂ ’ਤੇ ਬਿੱਲ ਕਾਰਨ ਪੈਂਦੇ ਪ੍ਰਭਾਵ ਸਬੰਧ ਚਰਚਾ ਕੀਤੀ ਜਾਵੇਗੀ। ਪਰਾਲੀ ਸਾੜਨ ਦੇ ਮਾਮਲੇ ’ਚ ਕਿਸਾਨਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਧਾਰਾ ਹਟਾ ਦਿੱਤੀ ਗਈ ਹੈ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਐੇੱਸਕੇਐੱਮ ਦੀ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇ 15 ਜਨਵਰੀ ਤੱਕ ਮੰਗਾਂ ਨਾ ਮੰਨੀਆਂ ਨਾਲ ਅੰਦੋਲਨ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਉਨ੍ਹਾਂ ਪ੍ਰਦਰਸ਼ਨ ਕਾਰਨ ਲੋਕਾਂ ਨੂੰ ਹੋਈ ਮੁਸ਼ਕਲ ਲਈ ਮੁਆਫ਼ੀ ਮੰਗੀ।