Breaking news – ਅਨਿਲ ਅਰੋੜਾ ਗ੍ਰਿਫਤਾਰ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਅਪਸ਼ਬਦ ਬੋਲਣ ਦਾ ਮੁੱਖ ਦੋਸ਼ੀ ਸੀ
ਲੁਧਿਆਣਾ, 9 ਦਿਸੰਬਰ ( ਐਡਵੋਕੇਟ ਕਰਨਦੀਪ ਸਿੰਘ ਕੈਰੋਂ)
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਿਤਾ ਜੀ ਨੂੰ ਸੋਸ਼ਲ ਮੀਡੀਆ ‘ਤੇ ਅਪਸ਼ਬਦ ਬੋਲਣ ਵਾਲੇ 2 ਲੱਖ ਦੇ ਇਨਾਮੀ ਦੋਸ਼ੀ ਅਨਿਲ ਅਰੋੜਾ ਨੂੰ ਪੁਲਿਸ ਨੇ ਪੰਚਕੂਲਾ ਤੋਂ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਫ਼ਰਾਰ ਸੀ। ਅੱਜ ਪੁਲੀਸ ਉਸ ਨੂੰ ਫੜਨ ਵਿੱਚ ਸਫ਼ਲ ਹੋ ਗਈ। ਅਨਿਲ ਖ਼ਿਲਾਫ਼ 20 ਅਕਤੂਬਰ ਨੂੰ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਹੁਣ ਤੱਕ ਉਸ ਦੇ ਛੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਮਾਮਲੇ ਦੇ ਦੂਜੇ ਮੁੱਖ ਦੋਸ਼ੀ ਵਾਸੁ ਸਿਆਲ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਜ਼ਿਕਰ ਯੋਗ ਹੈ ਕਿ ਦੋਸ਼ੀ ਅਨਿਲ ਵੱਲੋਂ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਪਿਤਾ ਨੂੰ ਗਾਲ੍ਹਾਂ ਕੱਢਣ ਦੀ ਆਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ। ਜਿਸ ਤੋਂ ਬਾਅਦ ਨਾਰਾਜ਼ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਉਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਮਰਾਲਾ ਚੌਕ ਵਿੱਚ ਲਗਾਤਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਦਿੱਲੀ-ਅੰਬਾਲਾ-ਚੰਡੀਗੜ੍ਹ ਸੜਕ ਨੂੰ ਤਿੰਨ ਵਾਰ ਜਾਮ ਕੀਤਾ ਸੀ। ਪੁਲਸ ਨੇ ਉਸ ਦੀ ਗ੍ਰਿਫਤਾਰੀ ‘ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ।