ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਡੀ.ਐਮ.ਸੀ.ਐਚ. ਦੇ ਡਾਕਟਰਾਂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਦੇ ਮੋਹਰੀ ਯੋਗਦਾਨ ਲਈ ਕੀਤਾ ਸਨਮਾਨਿਤ
ਨਿਊਜ਼ ਪੰਜਾਬ
ਲੁਧਿਆਣਾ, 30 ਅਕਤੂਬਰ – ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.) ਦੇ ਕਈ ਡਾਕਟਰਾਂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਦੇ ਦ੍ਰਿੜ ਸੰਕਲਪ ਤੇ ਸੱਚੀ ਭਾਵਨਾ ਨਾਲ ਮੋਹਰੀ ਰੋਲ ਅਦਾ ਕਰਨ ਲਈ ਸਨਮਾਨਿਤ ਕੀਤਾ।
ਡੀ.ਐਮ.ਸੀ.ਐਚ. ਦੇ ਸਕੱਤਰ ਪ੍ਰੇਮ ਗੁਪਤਾ, ਡਾ. ਸੰਦੀਪ ਪੁਰੀ, ਡਾ. ਰਾਜੇਸ਼ ਮਹਾਜਨ, ਡਾ. ਬਿਸ਼ਵ ਮੋਹਨ, ਐਸ.ਐਮ.ਓ ਡਾ. ਪੂਨਮ ਅਤੇ ਕਈ ਹੋਰ ਡਾਕਟਰਾਂ ਦੇ ਨਾਲ ਚੇਅਰਮੈਨ ਸ੍ਰੀ ਬਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਇਸ ਮਹਾਂਮਾਰੀ ਦੇ ਵਿਰੁੱਧ ਲੜਾਈ ਦੌਰਾਨ ਇਨ੍ਹਾਂ ਡਾਕਟਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਦੁਆਰਾ ਨਿਭਾਈ ਗਈ ਭੁਮਿਕਾ ਸ਼ਲਾਘਾਯੋਗ ਰਹੀ ਹੈ।
ਉਨ੍ਹਾਂ ਕਿਹਾ ਕਿ ਡਾਕਟਰਾਂ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਖਾਈ ਗਈ ਦ੍ਰਿੜਤਾ ਲੋਕਾਂ ਲਈ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜਾਨਲੇਵਾ ਵਾਇਰਸ ਵਿਰੁੱਧ ਇਹ ਜੰਗ ਸਭ ਤੋਂ ਮੁਸ਼ਕਲ ਸੀ ਕਿਉਂਕਿ ਦੁਸ਼ਮਣ ਅਦਿੱਖ ਸੀ।
ਉਨ੍ਹਾਂ ਕਿਹਾ ਕਿ ਇਸ ਲੜਾਈ ਦੌਰਾਨ ਸਾਰੇ ਡਾਕਟਰਾਂ ਨੇ ਮਿਸਾਲੀ ਸਾਹਸ ਅਤੇ ਦ੍ਰਿੜ ਇਰਾਦੇ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕੀਆਂ। ਉਨ੍ਹਾਂ ਦੱਸਿਆ ਕਿ ਇਹ ਕਰੋਨਾ ਯੋਧੇ ਅਸਲ ਹੀਰੋ ਅਤੇ ਚੈਂਪੀਅਨ ਹਨ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਮਹਾਂਮਾਰੀ ਦੌਰਾਨ ਸਭ ਤੋਂ ਅੱਗੇ ਰਹੇ।
ਪੀ.ਵਾਈ.ਡੀ.ਬੀ. ਦੇ ਚੇਅਰਮੈਨ ਨੇ ਅੱਗੇ ਕਿਹਾ ਕਿ ਬੋਰਡ ਦਾ ਵੀ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਸਾਰਿਆਂ ਕੋਰੋਨਾ ਯੋਧਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਜਿਨ੍ਹਾਂ ਕੋਰੋਨਾ ਵਾਇਰਸ ‘ਤੇ ਫਤਿਹ ਪਾਉਣ ਲਈ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ।