ਚੰਡੀਗੜ੍ਹ ਯੂਨੀਵਰਸਿਟੀ ਦੇ 19 ਸਾਲ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਨਿਊਜ਼ ਪੰਜਾਬ
ਚੰਡੀਗੜ੍ਹ-20 ਮਈ 2025
ਚੰਡੀਗੜ੍ਹ ਯੂਨੀਵਰਸਿਟੀ ਦੇ ਮੋਹਾਲੀ ਦੇ ਝੰਜੇੜੀ ਕੈਂਪਸ ‘ਚ ਬੀ.ਬੀ.ਏ ਦੂਜੇ ਸਾਲ ਦੇ ਵਿਦਿਆਰਥੀ ਨੇ ਪ੍ਰੀਖਿਆ ਹਾਲ ‘ਚੋਂ ਕੱਢੇ ਜਾਣ ਤੋਂ ਕੁਝ ਦੇਰ ਬਾਅਦ ਹੀ ਆਪਣੇ ਹੋਸਟਲ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ।ਮ੍ਰਿਤਕ ਵਿਦਿਆਰਥੀ ਦੀ ਪਛਾਣ ਆਰੀਅਨ (19) ਵਜੋਂ ਹੋਈ ਹੈ। ਕਾਲਜ ਪ੍ਰਸ਼ਾਸਨ ਮੁਤਾਬਕ ਸੋਮਵਾਰ ਦੁਪਹਿਰ ਕਰੀਬ 3:45 ਵਜੇ ਆਰੀਅਨ ਨੇ ਹਿਮਾਲਿਆ ਹੋਸਟਲ ਦੀ ਉਪਰਲੀ ਮੰਜ਼ਿਲ ‘ਤੇ ਇਕ ਕਮਰੇ ‘ਚ ਜਾ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥੀ ਨੂੰ ਫੇਜ਼-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਆਰੀਅਨ ਇਮਤਿਹਾਨ ਦੇ ਰਿਹਾ ਸੀ, ਜਿਸ ਦੌਰਾਨ ਇਕ ਲੈਕਚਰਾਰ ਨੇ ਉਸ ਨੂੰ ਆਪਣੇ ਮੋਬਾਇਲ ਦੀ ਵਰਤੋਂ ਕਰਦੇ ਦੇਖਿਆ। ਇਸ ‘ਤੇ ਉਸ ਨੂੰ ਪ੍ਰੀਖਿਆ ਹਾਲ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਹ ਤਣਾਅ ਵਿੱਚ ਆ ਗਿਆ ਅਤੇ ਹੋਸਟਲ ਵਿੱਚ ਆ ਕੇ ਖੁਦਕੁਸ਼ੀ ਕਰ ਲਈ।
ਡੀਐਸਪੀ ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਨੂੰ ਵਿਦਿਆਰਥੀ ਦੇ ਬੈਗ ਵਿੱਚੋਂ ਕੁਝ ਐਂਟੀ ਡਿਪ੍ਰੈਸ਼ਨ ਦੀਆਂ ਦਵਾਈਆਂ ਮਿਲੀਆਂ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਪਹਿਲਾਂ ਹੀ ਮਾਨਸਿਕ ਤਣਾਅ ਵਿੱਚ ਸੀ। ਡੀਐਸਪੀ ਅਨੁਸਾਰ ਵਿਦਿਆਰਥੀ ਨੇ ਡਰ ਅਤੇ ਤਣਾਅ ਕਾਰਨ ਇਹ ਕਦਮ ਚੁੱਕਿਆ। ਕਾਲਜ ਪ੍ਰਸ਼ਾਸਨ ਦੁੱਖ ਦੀ ਇਸ ਘੜੀ ਵਿੱਚ ਮ੍ਰਿਤਕ ਦੇ ਪਰਿਵਾਰ ਦੇ ਨਾਲ ਹੈ।