ਪੰਜਾਬ ‘ਚ ਸਵੱਛ ਸਰਵੇਖਣ ਗ੍ਰਾਮੀਣ 2021 ਸ਼ੁਰੂ
ਨਿਊਜ਼ ਪੰਜਾਬ
ਚੰਡੀਗੜ੍ਹ, 24 ਸਤੰਬਰ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਵੱਲੋਂ ਗਿਣਾਤਮਕ ਅਤੇ ਗੁਣਾਤਮਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ ‘ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ ਨਾਲ ਸਵੱਛ ਸਰਵੇਖਣ ਗ੍ਰਾਮੀਣ (ਐਸ.ਐਸ.ਜੀ.) 2021 ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਐਸ.ਐਸ.ਜੀ. ਦੀ ਸ਼ੁਰੂਆਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ) ਚੰਡੀਗੜ੍ਹ ਵਿਖੇ ਵਧੀਕ ਸਕੱਤਰ ਅਮਿਤ ਤਲਵਾੜ, ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਐਸਬੀਐਮਜੀ) ਦੇ ਮਿਸ਼ਨ ਡਾਇਰੈਕਟਰ ਰਾਕੇਸ਼ ਸ਼ਰਮਾ ਅਤੇ ਸਾਰੇ ਜ਼ਿਲ੍ਹਾ ਸੈਨੀਟੇਸ਼ਨ ਅਧਿਕਾਰੀ ਅਤੇ ਸਟੇਟ ਐਸਬੀਐਮ (ਜੀ) ਟੀਮ ਦੀ ਮੌਜੂਦਗੀ ਵਿੱਚ ਕੀਤੀ ਹੈ।
ਇਸ ਮੌਕੇ ਬੋਲਦਿਆਂ ਅਮਿਤ ਤਲਵਾੜ ਨੇ ਐਸ.ਐਸ.ਜੀ. 2021 ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਐਸ.ਐਸ.ਜੀ. 2021 ਅਧੀਨ ਵੱਖ-ਵੱਖ ਖੇਤਰਾਂ ਜਿਵੇਂ ਸਵੈ ਰਿਪੋਰਟਿੰਗ, ਸਿੱਧੀ ਨਿਗਰਾਨੀ ਅਤੇ ਸਿਟੀਜਨ ਫੀਡਬੈਕ ਬਾਰੇ ਜਾਣਕਾਰੀ ਦਿੱਤੀ ਅਤੇ ਐਸ.ਐਸ.ਜੀ. 2019 ਬਾਰੇ ਆਪਣੇ ਤਜਰਬੇ ਅਤੇ ਸਰਬੋਤਮ ਅਭਿਆਸਾਂ ਨੂੰ ਵੀ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਇਹ ਸਰਵੇਖਣ 25 ਅਕਤੂਬਰ ਤੋਂ 23 ਦਸੰਬਰ 2021 ਤੱਕ ਕੀਤਾ ਜਾਵੇਗਾ। ਉਹਨਾਂ ਨੇ ਸਿਟੀਜਨ ਫੀਡ ਬੈਕ ‘ਤੇ ਜੋਰ ਦਿੱਤਾ ਜੋ ਕਿ ਐਸ.ਐਸ.ਜੀ. 2021 ਦਾ ਇੱਕ ਅਹਿਮ ਹਿੱਸਾ ਹੈ। ਜ਼ਿਲ੍ਹਾ ਟੀਮਾਂ ਨੂੰ ਐਸ.ਐਸ.ਜੀ. 2021 ਦੀ ਸਫ਼ਲਤਾ ਲਈ ਬਿਹਤਰ ਮੀਡੀਆ ਪਲਾਨ ਤਿਆਰ ਕਰਨ ਦੀ ਸਲਾਹ ਦਿੱਤੀ ਗਈ। ਮਿਸ਼ਨ ਡਾਇਰੈਕਟਰ ਐਸਬੀਐਮਜੀ ਰਾਕੇਸ਼ ਕੁਮਾਰ ਸ਼ਰਮਾ ਨੇ ਸਵੱਛ ਸਰਵੇਖਣ ਗ੍ਰਾਮੀਣ 2021 ਬਾਰੇ ਸਮੁੱਚੀ ਜਾਣਕਾਰੀ ਪੇਸ਼ ਕੀਤੀ।
ਆਪਣੇ ਸੰਬੋਧਨ ਦੌਰਾਨ ਜਸਪ੍ਰੀਤ ਤਲਵਾੜ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਸਰਵੇਖਣ ਇੱਕ ਸੁਤੰਤਰ ਸਰਵੇਖਣ ਏਜੰਸੀ ਮੈਸਰਜ ਇਪਸੋਸ ਰਿਸਰਚ ਪ੍ਰਾਇਵੇਟ ਲਿਮਿਟੇਡ ਵੱਲੋਂ ਕੀਤਾ ਜਾਵੇਗਾ ਅਤੇ 521 ਪਿੰਡਾਂ ਨੂੰ ਸਰਵੇਖਣ ਲਈ ਚੁਣਿਆ ਜਾਵੇਗਾ। ਹਰੇਕ ਚੁਣੇ ਹੋਏ ਪਿੰਡ ਵਿੱਚੋਂ 10 ਘਰਾਂ ਅਤੇ 5 ਜਨਤਕ ਸਥਾਨਾਂ ਦਾ ਵੱਖ-ਵੱਖ ਸਵੱਛ ਮਾਪਦੰਡਾਂ ਦੇ ਆਧਾਰ ‘ਤੇ ਮੁਲਾਂਕਣ ਕੀਤਾ ਜਾਵੇਗਾ। ਐਸ.ਐਸ.ਜੀ. 2021 ਦਾ ਮੁੱਖ ਉਦੇਸ ਜ਼ਿਲ੍ਹਿਆਂ ਅਤੇ ਸੂਬਿਆਂ ਦੀ ਤੁਲਨਾ ਵਿੱਚ ਵੱਡੇ ਪੱਧਰ ‘ਤੇ ਨਾਗਰਿਕ ਭਾਗੀਦਾਰੀ ਨੂੰ ਉਤਸਾਹਿਤ ਕਰਨਾ, ਜਮੀਨੀ ਪੱਧਰ ‘ਤੇ ਸਵੱਛਤਾ ਦੀ ਪ੍ਰਗਤੀ ਦਾ ਜਾਇਜ਼ਾ ਲੈਣਾ, ਨਾਗਰਿਕਾਂ ਤੋਂ ਫੀਡਬੈਕ ਦੀ ਮੰਗ ਕਰਨਾ ਅਤੇ ਜਿਲ੍ਹਿਆਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਦੇ ਲਾਗੂਕਰਨ ਦਾ ਮੁਲਾਂਕਣ ਕਰਨਾ ਹੈ।
ਉਹਨਾਂ ਨੇ ਐਸਐਸਜੀ 2021 ਦੀ ਜ਼ਮੀਨੀ ਪੱਧਰ ‘ਤੇ ਸਫ਼ਲਤਾ ਲਈ ਜਿਲ੍ਹਾ ਪ੍ਰਸ਼ਾਸਨ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਹੋਰ ਭਾਈਵਾਲ ਵਿਭਾਗਾਂ, ਗ੍ਰਾਮ ਪੰਚਾਇਤਾਂ ਦੇ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਇਹ ਵੀ ਦੁਹਰਾਇਆ ਕਿ ਸਿਟੀਜਨ ਫੀਡਬੈਕ ਇਸ ਸਰਵੇਖਣ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ ਅਤੇ ਜਿਲ੍ਹਿਆਂ ਨੂੰ ਇਸ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮਾਂ ਆਯੋਜਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਇਸ ਨੂੰ ਲੋਕ ਲਹਿਰ ਬਣਾਇਆ ਜਾ ਸਕੇ। ਐਸਐਸਜੀ 2021 ਕੌਮੀ ਰੈਂਕਿੰਗ ਵਿੱਚ ਸਿਖਰ ‘ਤੇ ਆਉਣ ਲਈ ਜ਼ਿਲ੍ਹਿਆਂ ਵਿੱਚ ਬਿਹਤਰ ਮੁਕਾਬਲੇ ਦੀ ਭਾਵਨਾ ਨੂੰ ਉਤਸਾਹਤ ਕਰੇਗਾ ਜੋ ਕਿ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੋਵੇਗੀ।
ਡਾ. ਅਨੂਪ ਤਿ੍ਰਪਾਠੀ, ਐਮ ਐਂਡ ਈ ਮਾਹਰ ਐਸਬੀਐਮਜੀ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ, ਭਾਰਤ ਸਰਕਾਰ ਵੱਲੋਂ ਸੂਬਾ ਪੱਧਰੀ ਲਾਂਚ ਦੌਰਾਨ ਜਿਲ੍ਹਿਆਂ ਨੂੰ ਇਸ ਰੈਂਕਿੰਗ ਵਿੱਚ ਮੋਹਰੀ ਬਣਨ ਲਈ ਉਤਸ਼ਾਹਤ ਕੀਤਾ ਗਿਆ। ਡਾ. ਅਨੂਪ ਨੇ ਸੂਬੇ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਵੱਛ ਸਰਵੇਖਣ ਗ੍ਰਾਮੀਣ 2021 ਸ਼ੁਰੂ ਕਰਨ ਵਾਲੇ ਭਾਰਤ ਦੇ ਮੋਹਰੀ ਸੂਬਿਆਂ ਵਿੱਚੋਂ ਇੱਕ ਹੈ। ਉਹਨਾਂ ਨੇ ਜਿਲ੍ਹਿਆਂ ਵਿੱਚ ਐਸਐਸਜੀ 2021 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ।
ਇਪਸੋਸ ਰਿਸਰਚ ਪ੍ਰਾਈਵੇਟ ਲਿਮਟਿਡ ਦੇ ਮੈਨੇਜਰ ਆਪਰੇਸ਼ਨ ਜਸਪ੍ਰੀਤ ਸਿੰਘ ਵੱਲੋਂ ਐਸ.ਐਸ.ਜੀ. ਫਰੇਮਵਰਕ ਅਤੇ ਰੈਂਕਿੰਗ ਪ੍ਰੋਟੋਕੋਲ ਸਬੰਧੀ ਵਿਸਤਿ੍ਰਤ ਪੇਸ਼ਕਾਰੀ ਦਿੱਤੀ ਗਈ ਅਤੇ ਆਈ.ਐਮ.ਆਈ.ਐਸ. ‘ਤੇ ਰਿਪੋਰਟਿੰਗ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪੁੱਛੇ ਗਏ ਸਾਰੇ ਸਵਾਲਾਂ ਦੇ ਵੀ ਜਵਾਬ ਦਿੱਤੇ ਗਏ।
ਇਸ ਪ੍ਰੋਗਰਾਮ ਵਿੱਚ ਸਾਰੇ ਵਧੀਕ ਡਿਪਟੀ ਕਮਿਸ਼ਨਰਾਂ (ਵਿਕਾਸ), ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਅਧਿਕਾਰੀਆਂ, ਸਮਾਜਿਕ ਸਟਾਫ਼ ਨੇ ਆਪਣੇ-ਆਪਣੇ ਜਿਲ੍ਹਿਆਂ ਤੋਂ ਵਰਚੁਅਲ ਤੌਰ ‘ਤੇ ਸ਼ਿਰਕਤ ਕੀਤੀ।