ਮਨੀਪੁਰ’ਚ ਹਿੰਸਾ ਕਾਰਨ NPP ਨੇ BJP ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਮਨੀਪੁਰ :18 ਨਵੰਬਰ 2024
NPP ਨੇ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਅੱਜ ਸਮਰਥਨ ਵਾਪਸ ਲੈਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਸਮਰਥਨ ਵਾਪਸ ਲੈਂਦਿਆਂ ਦੋਸ਼ ਲਾਏ ਕਿ ਐਨ ਬੀਰੇਨ ਸਿੰਘ ਸਰਕਾਰ ਉੱਤਰ-ਪੂਰਬੀ ਰਾਜ ਵਿੱਚ ਸੰਕਟ ਨੂੰ ਹੱਲ ਕਰਨ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਅਸਫਲ ਰਹੀ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਵਿਧਾਨ ਸਭਾ ਦੇ 60 ਮੈਂਬਰ ਹਨ ਜਿਨ੍ਹਾਂ ਵਿਚੋਂ ਐਨਪੀਪੀ ਦੇ ਸੱਤ ਵਿਧਾਇਕ ਹਨ।
ਐਨਪੀਪੀ ਨੇ ਭਾਜਪਾ ਮੁਖੀ ਜੇਪੀ ਨੱਡਾ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਮਨੀਪੁਰ ਵਿੱਚ ਸਥਿਤੀ ਹੋਰ ਵਿਗੜ ਗਈ ਹੈ ਅਤੇ ਕਈ ਹੋਰ ਮਾਸੂਮ ਜਾਨਾਂ ਚਲੀਆਂ ਗਈਆਂ ਹਨ ਅਤੇ ਸੂਬੇ ਵਿੱਚ ਲੋਕਾਂ ’ਤੇ ਦੁੱਖਾਂ ਦੇ ਪਹਾੜ ਟੁੱਟ ਪਏ ਹਨ। ਉਨ੍ਹਾਂ ਕਿਹਾ, ‘ਅਸੀਂ ਪੂਰੀ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਬੀਰੇਨ ਸਿੰਘ ਦੀ ਅਗਵਾਈ ਹੇਠ ਮਨੀਪੁਰ ਸੂਬਾ ਸਰਕਾਰ ਸੰਕਟ ਨਾਲ ਨਜਿੱਠਣ ਤੇ ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਪੀਪਲਜ਼ ਪਾਰਟੀ ਨੇ ਤੁਰੰਤ ਪ੍ਰਭਾਵ ਨਾਲ ਮਨੀਪੁਰ ਵਿੱਚ ਬੀਰੇਨ ਸਿੰਘ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ।’