ਡਿਪਟੀ ਕਮਿਸ਼ਨਰ ਵਲੋਂ ਡੇਂਗੂ ਵਿਰੁੱਧ ਮੁਹਿੰਮ ਚਲਾਉਣ ਦੇ ਆਦੇਸ਼

ਨਿਊਜ਼ ਪੰਜਾਬ 

ਲੁਧਿਆਣਾ, 24 ਸਤੰਬਰ  – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਨਗਰ ਨਿਗਮ ਲੁਧਿਆਣਾ, ਸਿਹਤ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਡੇਂਗੂ ਅਤੇ ਹੋਰ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਜਾਂਚ ਲਈ ਜ਼ਿਲ੍ਹੇ ਵਿੱਚ ਵਿਸ਼ੇਸ ਮੁਹਿੰਮ ਚਲਾਈ ਜਾਵੇ।
ਇਸ ਸਬੰਧੀ ਅੱਜ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਨੂੰ ਮੱਛਰਾਂ ਦਾ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਦੀ ਪਹਿਚਾਣ ਕਰਕੇ ਇਸ ਸਬੰਧੀ ਅਗੇਤੀ ਜਰੂਰੀ ਕਰਵਾਈ ਕੀਤੀ ਜਾਵੇ। ੳਨ੍ਹਾਂ ਕਿਹਾ ਕਿ ਸਿਹਤ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਸਾਂਝੀਆਂ ਕਮੇਟੀਆਂ ਦਾ ਗਠਨ ਕਰਕੇ ਘਰ-ਘਰ ਸਰਵੇ ਕਰਨਾ ਚਾਹੀਦਾ ਹੈ ਜਿਥੇ ਕਿ ਮਕਾਨ ਮਾਲਕਾਂ ਦੀ ਅਣਗਹਿਲੀ ਕਾਰਨ ਕੂਲਰਾਂ ਅਤੇ ਹੋਰ ਫਾਲਤੂ ਚੀਜਾਂ ਵਿੱਚ ਪਾਣੀ ਇਕੱਤਰ ਕਰਕੇ ਰੱਖਣ ਨਾਲ ਮੱਛਰਾਂ ਦਾ ਲਾਰਵਾ ਪੈਦਾ ਹੋ ਰਿਹਾ ਹੈ। ਸ੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਇਹ ਨਿਰੀਖਣ ਸਰਕਾਰੀ ਦਫ਼ਤਰਾਂ ਵਿੱਚ ਵੀ ਕਰਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੂਲਰਾਂ ਅਤੇ ਹੋਰ ਨਾ ਵਰਤੋਂ ਯੋਗ ਚੀਜਾਂ ਵਿੱਚ ਲਾਰਵਾ ਤਾਂ ਨਹੀਂ ਪੈਦਾ ਹੋ ਰਿਹਾ। ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਡੇਂਗੂ ਅਤੇ ਹੋਰ ਬਿਮਾਰੀਆਂ ‘ਤੇ ਕਾਬੂ ਪਾ ਕੇ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ 106 ਡੇਂਗੂ ਦੇ ਕੇਸ ਸਾਹਮਣੇ ਆਏ ਹਨ ਜਿਨਾਂ ਨੂੰ ਹੋਰ ਘੱਟ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਸ਼ਹਿਰੀ ਖੇਤਰ ਨਾਲ ਸਬੰਧਿਤ ਹਨ ਜਿਨ੍ਹਾਂ ਵੱਲ ਵਧੇਰੇ ਧਿਆਨ ਦੇਣ ਦੀ ਜਰੂਰਤ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਲਾਪਰਵਾਹ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਦੀ ਜਰੂਰਤ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਸਿਵਲ ਸਰਜਨ ਡਾ. ਕਿਰਨ ਗਿੱਲ ਵੀ ਮੌਜੂਦ ਸਨ।