ਵਿਜੈ ਕੁਮਾਰ ਜੰਜੂਆ ਵੱਲੋਂ ਲਾਈਵਸਟਾਕ ਕੰਪਲੈਕਸ ਵਿਖੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ
ਨਿਊਜ਼ ਪੰਜਾਬ
ਚੰਡੀਗੜ੍ਹ, 22 ਸਤੰਬਰ
ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ‘ਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਵਧੀਕ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਲਾਈਵਸਟਾਕ ਕੰਪਲੈਕਸ, ਸੈਕਟਰ 68, ਮੋਹਾਲੀ ਵਿਖੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਦਫ਼ਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ। ਅਚਨਚੇਤ ਚੈਕਿੰਗ ਦੌਰਾਨ ਸ੍ਰੀ ਜੰਜੂਆ ਨਾਲ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਐਚ.ਐਸ. ਕਾਹਲੋਂ ਸਮੇਤ ਤਿੰਨਾਂ ਵਿਭਾਗਾਂ ਦੇ ਡਾਇਰੈਕਟਰ ਮੌਜੂਦ ਸਨ।
ਇਸ ਸਬੰਧੀ ਵੇਰਵੇ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਬੰਧਤ ਦਫ਼ਤਰਾਂ ਦੇ ਕੁਝ ਅਧਿਕਾਰੀ ਅਤੇ ਕਰਮਚਾਰੀ ਡਿਊਟੀ ਤੋਂ ਗੈਰਹਾਜ਼ਰ/ਲੇਟ ਪਾਏ ਗਏ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜ਼ੁਬਾਨੀ ਨਿਰਦੇਸ਼ ਜਾਰੀ ਕੀਤੇ ਕਿ ਉਹ ਭਵਿੱਖ ਵਿੱਚ ਆਪਣੇ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦਤਾ ਨੂੰ ਯਕੀਨੀ ਬਣਾਉਣ ਅਤੇ ਸਾਰੇ ਗੈਰਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਤੋਂ ਸਪੱਸ਼ਟੀਕਰਨ ਦੀ ਮੰਗ ਕਰਨ। ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਭਵਿੱਖ ਵਿੱਚ ਸਮੇਂ ਸਿਰ ਦਫ਼ਤਰ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਵੀ ਦਿੱਤੇ ਗਏ।
ਉਨ੍ਹਾਂ ਤਿੰਨਾਂ ਡਾਇਰੈਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜੁਆਇੰਟ ਡਾਇਰੈਕਟਰਾਂ ਅਤੇ ਡਿਪਟੀ ਡਾਇਰੈਕਟਰਾਂ ਦੀ ਟੀਮ ਬਣਾ ਕੇ ਫੀਲਡ ਪੱਧਰ ਦੇ ਦਫਤਰਾਂ ਵਿੱਚ ਰੁਟੀਨ ਅਚਨਚੇਤ ਚੈਕਿੰਗ ਕਰਨ। ਇਸ ਤੋਂ ਇਲਾਵਾ, ਉਹਨਾਂ ਨੇ ਤਿੰਨਾਂ ਵਿਭਾਗਾਂ ਨੂੰ ਦਫ਼ਤਰ ਦੇ ਰਿਕਾਰਡ ਨੂੰ ਡਿਜੀਟਲ ਕਰਨ ਅਤੇ ਭਵਿੱਖ ਵਿੱਚ ਈ-ਦਫ਼ਤਰ ਰਾਹੀਂ ਅਧਿਕਾਰਤ ਫਾਈਲਾਂ ਭੇਜਣ ਦੇ ਨਿਰਦੇਸ਼ ਵੀ ਦਿੱਤੇ।