ਕੈਨੇਡਾ ਚ ਅਗਲੀ ਫੈਡਰਲ ਸਰਕਾਰ ਦੀ ਚੋਣ ਲਈ ਵੋਟਾਂ ਪੈਣੀਆਂ ਸ਼ੁਰੂ, ਸਾਰੇ ਨਤੀਜੇ ਆਉਣ ਵਿੱਚ ਲਗ ਸਕਦੇ 2-3 ਦਿਨ
ਨਿਊਜ਼ ਪੰਜਾਬ
ਓਟਵਾ, 20 ਸਤੰਬਰ : ਅੱਜ ਕੈਨੇਡਾ ਦੀਆਂ ਮਹਾਂਮਾਰੀ ਦੇ ਦੌਰ ਵਿੱਚ ਪਹਿਲੀਆਂ ਚੋਣਾ ਹੋਣ ਜਾ ਰਹੀਆਂ ਹਨ। 338 ਮੈਂਬਰੀ ਪਾਰਲੀਆਮੈਂਟ ਦੀ ਚੋਣ ਕਰਨ ਲਈ ਕੈਨੇਡਾ ਦੇ ਸਾਰੇ ਹਿੱਸਿਆਂ ਤੋਂ ਵੋਟਰ ਅੱਜ ਵੋਟਾਂ ਪਾਉਣਗੇ।
ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ 6·8 ਮਿਲੀਅਨ ਲੋਕ ਪਹਿਲਾਂ ਵੋਟਾਂ ਪਾ ਚੁੱਕੇ ਹਨ।ਇਨ੍ਹਾਂ ਵਿੱਚੋਂ ਕੁੱਝ ਇੱਕ ਹਫਤੇ ਪਹਿਲਾਂ ਐਡਵਾਂਸ ਪੋਲ ਵਿੱਚ ਹਿੱਸਾ ਲੈ ਚੁੱਕੇ ਹਨ। ਬਾਕੀਆਂ ਨੇ ਡਾਕ ਰਾਹੀਂ ਜਾਂ ਫਿਰ ਇਲੈਕਸ਼ਨਜ਼ ਕੈਨੇਡਾ ਦੇ ਆਫਿਸਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ ਹੈ। ਪਰ ਕੈਨੇਡਾ ਦੇ 30 ਮਿਲੀਅਨ ਯੋਗ ਵੋਟਰਾਂ ਦੀ ਬਹੁਗਿਣਤੀ ਅੱਜ ਵੋਟ ਪਾਵੇਗੀ। ਇਲੈਕਸ਼ਨਜ਼ ਕੈਨੇਡਾ ਵੱਲੋਂ ਵੋਟਰਾਂ ਨੂੰ ਮਾਸਕ ਪਾ ਕੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਉੱਥੇ ਹੀ ਲਾਜ਼ਮੀ ਕੀਤਾ ਜਾ ਰਿਹਾ ਹੈ ਜਿੱਥੇ ਪ੍ਰੋਵਿੰਸ਼ੀਅਲ ਨਿਯਮਾਂ ਵਿੱਚ ਅਜਿਹਾ ਕਰਨ ਦੀਆਂ ਹਦਾਇਤਾਂ ਹਨ।
ਕਿਸੇ ਵੀ ਪ੍ਰੋਵਿੰਸ ਵਿੱਚ ਕਿਸੇ ਵੀ ਪੋਲਿੰਗ ਸਟੇਸ਼ਨਜ਼ ਉੱਤੇ ਵੈਕਸੀਨੇਸ਼ਨ ਦੇ ਸਬੂਤ ਪੇਸ਼ ਕਰਨ ਦੀ ਅਜੇ ਕੋਈ ਲੋੜ ਨਹੀਂ ਹੈ। ਪੋਲਿੰਗ ਸਟੇਸ਼ਨ 12 ਘੰਟਿਆਂ ਲਈ ਖੁੱਲ੍ਹੇ ਰਹਿਣਗੇ ਪਰ ਓਪਨਿੰਗ ਟਾਈਮ ਸਾਰੇ ਰੀਜਨਜ਼ ਦੇ ਵੱਖੋ ਵੱਖਰੇ ਹੋਣਗੇ। ਬ੍ਰਿਟਿਸ਼ ਕੋਲੰਬੀਆ ਵਿੱਚ ਵੋਟਾਂ ਪੈਣ ਦਾ ਸਿਲਸਿਲਾ ਸਵੇਰੇ 7:00 ਵਜੇ ਸ਼ੁਰੂ ਹੋਵੇਗਾ ਤੇ ਓਨਟਾਰੀਓ ਤੇ ਕਿਊਬਿਕ ਵਿੱਚ ਇਹ 9:30 ਵਜੇ ਦਾ ਹੋਵੇਗਾ।
ਬਹੁਤੇ ਹਲਕਿਆਂ ਦੇ ਜੇਤੂਆਂ ਦਾ ਐਲਾਨ ਅੱਜ ਸ਼ਾਮ ਤੱਕ ਕਰ ਦਿੱਤਾ ਜਾਵੇਗਾ ਪਰ ਇਲੈਕਸ਼ਨਜ਼ ਕੈਨੇਡਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕਈ ਥਾਂਵਾਂ ਉੱਤੇ ਵੋਟਾਂ ਦੀ ਗਿਣਤੀ ਵਿੱਚ ਚਾਰ ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ।