ਸੂਬੇ ਦਾ ਹਰ ਆਮ ਆਦਮੀ ਪੰਜਾਬ ਦਾ ਮੁੱਖ ਮੰਤਰੀ-ਚੰਨੀ

ਨਿਊਜ਼ ਪੰਜਾਬ 
ਚੰਡੀਗੜ/ਸ੍ਰੀ ਚਮਕੌਰ ਸਾਹਿਬ, 20 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਐਲਾਨ ਕੀਤਾ ਹੈ ਕਿ ਸੂਬੇ ਦਾ ਹਰ ਆਮ ਆਦਮੀ ਪੰਜਾਬ ਦਾ ਮੁੱਖ ਮੰਤਰੀ ਹੈ। ਸ. ਚੰਨੀ ਅੱਜ ਆਪਣਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਤੋਂ ਬਾਅਦ ਅਨਾਜ ਮੰਡੀ ਵਿਖੇ ਖੁੱਲੇ ਪੰਡਾਲ ‘ਚ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸ. ਮਨਪ੍ਰੀਤ ਸਿੰਘ ਬਾਦਲ ਅਤੇ ਸ. ਚਰਨਜੀਤ ਸਿੰਘ ਚੰਨੀ ਦੇ ਸੁਪਤਨੀ ਡਾ. ਕਮਲਜੀਤ ਕੌਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਨੇ ਉਨਾਂ ਨੂੰ ਗਾਰਡ ਆਫ਼ ਆਨਰ ਦਿੱਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਗੁਰੂ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਦਾ ਵੇਲਾ ਆ ਗਿਆ ਹੈ ਅਤੇ ਕਾਨੂੰਨ ਮੁਤਾਬਕ ਇਨਸਾਫ਼ ਹੋਵੇਗਾ। ਸ. ਚੰਨੀ ਨੇ ਇਹ ਵੀ ਦੁਹਰਾਇਆ ਕਿ ਪੰਜਾਬ ਸਰਕਾਰ ਅਤੇ ਉਹ ਖ਼ੁਦ ਹਰ ਹਾਲ ਕਿਸਾਨਾਂ ਦੇ ਨਾਲ ਹਨ ਅਤੇ ਉਹ ਜਲਦੀ ਹੀ ਉਸ ਥਾਂ ਨਤਮਸਤਕ ਹੋਣਗੇ, ਜਿੱਥੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਧਰਨੇ ‘ਤੇ ਬੈਠੇ ਹਨ। ਸ. ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਿਆਂ ਭਰੋਸੇ ਨਾਲ ਕਿਹਾ ਕਿ ਇਹ ਕਾਲੇ ਕਾਨੂੰਨ ਹਰ ਹਾਲ ਵਾਪਸ ਹੋਣਗੇ, ਜਿਸ ਲਈ ਪੰਜਾਬ ਸਰਕਾਰ ਹਰ ਉਪਰਾਲਾ ਕਰੇਗੀ।
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ ਅਤੇ ਸ੍ਰੀਮਤੀ ਸੋਨੀਆਂ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਸੂਬੇ ਦੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਲਈ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਪਣਾ ਅਹੁਦਾ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤਾ। ਸ. ਚੰਨੀ ਨੇ ਇਸ ਮੌਕੇ ਜਿੱਥੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲਿਆ ਉਥੇ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਖੇਤੀ ਕਾਨੂੰਨਾਂ ‘ਤੇ ਮੱਗਰਮੱਛ ਵਾਲੇ ਹੰਝੂ ਵਹਾਉਣ ਲਈ ਕੋਸਿਆ।
ਸ. ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਜਲ ਸਪਲਾਈ ਦੀਆਂ ਮੋਟਰਾਂ ਦੇ ਪੰਚਾਇਤਾਂ ਵੱਲ ਖੜੇ ਬਿਜਲੀ ਬਿਲਾਂ ਦੇ ਬਕਾਇਆ ਤੁਰੰਤ ਪ੍ਰਭਾਵ ਨਾਲ ਮੁਆਫ਼ ਹੋਣਗੇ ਅਤੇ ਜਿਹੜੇ ਗਰੀਬ ਲੋਕਾਂ ਦੇ ਬਿਜਲੀ ਕੁਨੈਕਸ਼ਨ ਬਿਲ ਨਾ ਭਰਨ ਕਰਕੇ ਕੱਟੇ ਗਏ ਸਨ, ਉਹ ਕੁਨੈਕਸ਼ਨ ਬਹਾਲ ਕਰਕੇ ਬਿਲ ਮੁਆਫ਼ ਕੀਤੇ ਜਾਣਗੇ।
ਸ. ਚੰਨੀ ਨੇ ਅੱਗੇ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਦਾ ਵਿਕਾਸ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਇੱਥੇ ਦੇ ਵਿਕਾਸ ਲਈ ਦਿਲ ਖੋਲ ਕੇ ਫੰਡ ਮੁਹੱਈਆ ਕਰਵਾਉਣ ਲਈ ਉਨਾਂ ਨੇ ਮੰਚ ‘ਤੇ ਮੌਜੂਦ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨਾਂ ਚਮਕੌਰ ਸਾਹਿਬ ਦੇ ਹਲਕਾ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਸ਼ਹੀਦਾਂ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਹੈ ਅਤੇ ਇੱਥੇ ਦੇ ਲੋਕਾਂ ਨੇ ਉਨਾਂ ਨੂੰ ਬਹੁਤ ਮਾਣ ਬਖ਼ਸ਼ਿਆ ਹੈ ਅਤੇ ਹੁਣ ਉਹ ਜਦੋਂ ਸੂਬੇ ਦੇ ਮੁੱਖ ਮੰਤਰੀ ਬਣ ਗਏ ਹਨ ਤੇ ਹਲਕੇ ਦੇ ਹਰ ਪਿੰਡ ਨੂੰ ਦਿਲ ਖੋਲ ਕੇ ਵਿਕਾਸ ਫੰਡ ਪ੍ਰਾਪਤ ਹੋਣਗੇ।
ਮੁੱਖ ਮੰਤਰੀ ਨੇ ਹੋਰ ਕਿਹਾ ਕਿ ਚਮਕੌਰ ਸਾਹਿਬ ਨੂੰ ਸੈਲਾਨੀ ਹਬ ਬਣਾਇਆ ਜਾ ਰਿਹਾ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਥੀਮ ਪਾਰਕ 06 ਨਵੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਕਿ ਬੇਲਾ ਤੋਂ ਪਨਿਆਲੀ ਸੜਕ ‘ਤੇ 33 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਅਤੇ ਸਤਲੁਜ ਦਰਿਆ ਉੱਤੇ ਪੁੱਲ ਬਣਾਉਣ ਲਈ 114 ਕਰੋੜ ਰੁਪਏ ਖ਼ਰਚੇ ਜਾਣਗੇ। ਉਨਾਂ ਦੱਸਿਆ ਕਿ ਹਲਕੇ ‘ਚ ਵੱਖ-ਵੱਖ ਥਾਵਾਂ ‘ਤੇ ਕਮਿਊਨਿਟੀ ਸੈਂਟਰ ਅਤੇ ਦੋ ਆਈ.ਟੀ.ਆਈਜ ਦਾ ਨਿਰਮਾਣ ਜੰਗੀ ਪੱਧਰ ‘ਤੇ ਜਾਰੀ ਹੈ ਜੋ ਛੇਤੀ ਮੁਕੰਮਲ ਹੋ ਜਾਣਗੇ। ਉਨਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਕਿਲ ਯੂਨੀਵਰਸਿਟੀ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮੋਰਿੰਡਾ ਵਿਖੇ ਬਣ ਰਿਹਾ ਰੇਲਵੇ ਅੰਡਰਬਿ੍ਰਜ, ਦਿਵਾਲੀ ਮੌਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਇਤਿਹਾਸਕ ਨਗਰੀ ਵਿਖੇ ਯਾਦਗਾਰੀ ਗੇਟ ਬਣਾਉਣ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਉਨਾਂ ਕਿਹਾ ਕਿ ਗਲਿਆਰਾ ਪ੍ਰਾਜੈਕਟ ਜਿਸ ਤਰਾਂ ਦਾ ਸ੍ਰੀ ਅੰਮਿ੍ਰਤਸਰ ਵਿਖੇ ਬਣਿਆ ਹੈ, ਉਸੇ ਤਰਾਂ ਦਾ ਹੀ ਗਲਿਆਰਾ ਬਣਨ ਦਾ ਕੰਮ ਸ੍ਰੀ ਚਮਕੌਰ ਸਾਹਿਬ ਵਿਖੇ ਜਾਰੀ ਹੈ।
ਇਸ ਮੌਕੇ ਸ. ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਦੇ ਸੁੰਦਰੀਕਰਨ ਲਈ 50 ਕਰੋੜ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ। ਉਨਾਂ ਨੇ ਆਪਣੇ ਜੱਦੀ ਪਿੰਡ ਭਜੌਲੀ ਅਤੇ ਨਾਨਕੇ ਪਿੰਡ ਮਕੜੌਨਾ ਕਲਾਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਅੱਜ ਵੀ ਜੇ ਕੋਈ ਦੇਖਣਾ ਚਾਹੇ ਤਾਂ ਇਨਾਂ ਦੋਵਾਂ ਪਿੰਡਾਂ ਵਿੱਚ ਸਥਿਤ ਉਨਾਂ ਦੇ ਪਰਿਵਾਰਕ ਘਰਾਂ ਨੂੰ ਦੇਖ ਕੇ ਸਹਿਜੇ ਹੀ ਸਮਝ ਸਕਦਾ ਹੈ ਕਿ ਉਹ ਕਿੰਨੀ ਗਰੀਬੀ ਵਿੱਚੋਂ ਨਿਕਲੇ ਹਨ, ਜਿਸ ਕਰਕੇ ਉਹ ਗਰੀਬਾਂ ਦੇ ਦਰਦ ਨੂੰ ਦਿਲੋਂ ਸਮਝਦੇ ਹਨ ਅਤੇ ਉਨਾਂ ਦੇ ਦਰਵਾਜੇ ਹਰ ਆਮ ਨਾਗਰਿਕ ਅਤੇ ਗਰੀਬਾਂ ਲਈ ਸਦਾ ਖੁੱਲੇ ਹਨ ਪਰ ਬੇਈਮਾਨਾਂ ਲਈ ਪੱਕੇ ਤੌਰ ‘ਤੇ ਬੰਦ ਹਨ।
ਇਸ ਦੌਰਾਨ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਸਮਾਗਮ ਮੌਕੇ ਸ. ਚੰਨੀ ਦੇ ਸਪੁੱਤਰ ਨਵਜੀਤ ਸਿੰਘ ਅਤੇ ਰਿਦਮਜੀਤ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਕਰਨੈਲ ਸਿੰਘ, ਉਪ ਚੇਅਰਮੈਨ ਤਰਲੋਚਨ ਸਿੰਘ, ਬਲਾਕ ਸੰਮਤੀ ਚੇਅਰਪਰਸਨ ਅਮਨਦੀਪ ਕੌਰ, ਜ਼ਿਲਾ ਪ੍ਰੀਸ਼ਦ ਦੇ ਵਾਇਸ ਚੇਅਰਪਰਸਨ ਬਿਮਲ ਕੌਰ ਖੋਖਰ, ਬਲਾਕ ਸੰਮਤੀ ਮੈਂਬਰ ਰੋਹਿਤ ਸਭਰਵਾਲ, ਜਸਵੀਰ ਸਿੰਘ ਜਟਾਣਾ, ਨਸੀਬ ਸਿੰਘ, ਦਵਿੰਦਰ ਸਿੰਘ, ਪ੍ਰਕਾਸ਼ ਕੌਰ, ਸਮਸ਼ੇਰ ਸਿੰਘ, ਬਲਵਿੰਦਰ ਸਿੰਘ ਧੁੰਮੇਵਾਲ, ਗੁਰਸੇਵਕ ਸਿੰਘ ਸਮਾਣਾ, ਬੰਤ ਸਿੰਘ ਕਲਾਰਾਂ, ਗੁਰਚਰਨ ਸਿੰਘ ਮਾਣੇ ਮਾਜਰਾ, ਗਿਆਨ ਸਿੰਘ ਬੇਲਾ, ਵਰਿੰਦਰ ਸਿੰਘ, ਜਸਵੀਰ ਸਿੰਘ, ਡਿਪਟੀ ਕਮਿਸ਼ਨਰ ਸੋਨਾਲੀ ਗਿਰਿ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਐਸ.ਡੀ.ਐਮ. ਚਮਕੌਰ ਸਾਹਿਬ ਗੀਤਿਕਾ ਸਿੰਘ, ਪੀ.ਏ. ਰਣਧੀਰ ਸਿੰਘ ਬਰਾੜ ਸਮੇਤ ਇਲਾਕੇ ਦੇ ਸਮੂਹ ਪੰਚ ਸਰਪੰਚ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀ ਵੀ ਹਾਜਰ ਸਨ।