IPL 2021 : ਸੀਐੱਸਕੇ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਕੀਤੀ ਜਿੱਤ ਦੀ ਸ਼ੁਰੁਆਤ
ਮੁੰਬਈ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ ਤੇ ਐਡਮ ਮਿਲਨੇ ਨੇ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ ਚੇਨਈ ਸੁਪਰ ਕਿੰਗਜ਼ ਨੂੰ ਸ਼ੁਰੂਆਤੀ ਝਟਕੇ ਦਿੱਤੇ ਜਿਸ ਕਾਰਨ ਇਕ ਸਮੇਂ ਸੀਐੱਸਕੇ 24 ਦੌੜਾਂ ‘ਤੇ ਚਾਰ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਰੁਤੂਰਾਜ ਗਾਇਕਵਾੜ (ਅਜੇਤੂ 88) ਨੇ ਰਵਿੰਦਰ ਜਡੇਜਾ (26) ਨਾਲ ਮਿਲ ਕੇ ਸ਼ਾਨਦਾਰ ਭਾਈਵਾਲੀ ਨਿਭਾਈ ਤੇ ਅੰਤ ਵਿਚ ਡਵੇਨ ਬਰਾਵੋ (23) ਦੀ ਤੇਜ਼ ਪਾਰੀ ਦੇ ਦਮ ‘ਤੇ ਸੀਐੱਸਕੇ ਦੀ ਟੀਮ ਛੇ ਵਿਕਟਾਂ ‘ਤੇ 156 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਮੁੰਬਈ ਵੱਲੋਂ ਟ੍ਰੇਂਟ ਬੋਲਟ, ਐਡਮ ਮਿਲਨੇ ਤੇ ਜਸਪ੍ਰਰੀਤ ਬੁਮਰਾਹ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਜਵਾਬ ‘ਚ ਮੁੰਬਈ ਇੰਡੀਅਨਜ਼ ਦੀ ਟੀਮ ਅੱਠ ਵਿਕਟਾਂ ‘ਤੇ 136 ਦੌੜਾਂ ਹੀ ਬਣਾ ਸਕੀ ਤੇ 20 ਦੌੜਾਂ ਨਾਲ ਮੈਚ ਹਾਰ ਗਈ। ਆਈਪੀਐੱਲ ਦਾ ਇਹ 14ਵਾਂ ਸੈਸ਼ਨ ਭਾਰਤ ਵਿਚ ਮਈ ਵਿਚ ਕੋਰੋਨਾ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਯੂਏਈ ਵਿਚ ਇਸ ਸੈਸ਼ਨ ਦੇ ਬਾਕੀ ਮੈਚ ਸ਼ੁਰੂ ਹੋ ਗਏ ਹਨ। 19 ਸਤੰਬਰ ਨੂੰ ਹੀ ਆਈਪੀਐੱਲ 2020 ਦਾ ਯੂਏਈ ਵਿਚ ਆਗਾਜ਼ ਹੋਇਆ ਸੀ। ਚੇਨਈ ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ ਇਸ ਮੈਚ ਵਿਚ ਮੁੰਬਈ ਦੇ ਰੈਗੂਲਰ ਕਪਤਾਨ ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡਿਆ ਨਹੀਂ ਖੇਡੇ ਤੇ ਕਪਤਾਨੀ ਦੀ ਜ਼ਿੰਮੇਵਾਰੀ ਕਿਰੋਨ ਪੋਲਾਰਡ ਨੇ ਸੰਭਾਲੀ। ਪੋਲਾਰਡ ਨੇ ਟਾਸ ਦੌਰਾਨ ਕਿਹਾ ਕਿ ਰੋਹਿਤ ਲਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਅਗਲੇ ਮੈਚਾਂ ‘ਚ ਮੈਦਾਨ ‘ਤੇ ਮੁੜਨਗੇ।