ਸਿਹਤ ਵਿਭਾਗ ਵੱਲੋਂ ਆਰ.ਬੀ.ਐਸ.ਕੇ.ਤਹਿਤ ਮੀਟਿੰਗ ਆਯੋਜਿਤ
ਨਿਊਜ਼ ਪੰਜਾਬ
ਲੁਧਿਆਣਾ, 11 ਸਤੰਬਰ – ਸਿਵਲ ਸਰਜਨ ਲੁਧਿਆਣਾ ਡਾ.ਕਿਰਨ ਆਹਲੂਵਾਲੀਆ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਾਜ ਕੁਮਾਰ ਵੱਲੋਂ ਰਾਸ਼ਟਰੀ ਬਾਲ ਸੁਰੱਖਿਆ ਕਾਰਿਯਾਕ੍ਰਮ (ਆਰ.ਬੀ.ਐਸ.ਕੇ.) ਸਬੰਧੀ ਇੱਕ ਮੀਟਿੰਗ ਦਾ ਆਯੋਜਨ ਕੀਤਾ, ਜਿਸ ਵਿੱਚ ਸਕੂਲੀ ਬੱਚਿਆਂ ਨਾਲ ਸਬੰਧਤ ਬੀਮਾਰੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਕੂਲੀ ਬੱਚਿਆਂ ਨੂੰ ਜਮਾਂਦਰੂ ਨੁਕਸਾਂ ਸਬੰਧੀ ਪਛਾਣ ਅਤੇ ਮੁਫ਼ਤ ਇਲਾਜ਼ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਲਾਜ਼ਮੀ ਹੈ ਕਿ ਬੱਚੇ ਪੋਸ਼ਟਿਕ ਭੋਜਨ ਹੀ ਲੈਣ।
ਡਾ. ਮੰਨੂ ਵਿਜ ਐਸ.ਐਮ.ਓ ਆਈ. ਮੋਬਾਇਲ ਨੇ ਦੱਸਿਆ ਕਿ ਬੱਚਿਆਂ ਦੀ ਨਜ਼ਰ ਟੈਸਟ ਕਰਕੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਜਾਂਦੀਆਂ ਹਨ।
ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਗੁਰਤੇਜਿੰਦਰ ਕੌਰ ਨੇ ਟੀਮਾਂ ਨੂੰ ਕੋਹੜ ਦੀਆਂ ਨਿਸ਼ਾਨੀਆਂ ਅਤੇ ਇਲਾਜ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਵਿੱਚ ਇਸ ਦੀ ਪਛਾਣ ਕੀਤੀ ਜਾਵੇ ਅਤੇ ਜੇਕਰ ਕੋਈ ਸ਼ੱਕੀ ਬੱਚਾ ਧਿਆਨ ਵਿੱਚ ਆਵੇ, ਤਾਂ ਤੁਰੰਤ ਇਲਾਜ਼ ਲਈ ਭੇਜਿਆ ਜਾਵੇ।
ਡਾ.ਅਰੁਨਦੀਪ ਢਿੱਲੋਂਂ ਸਕੂਲ ਹੈਲਥ ਪ੍ਰੋਗਰਾਮ ਇੰਚਾਰਜ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਸਕੂਲ ਬੰਦ ਸਨ ਪਰ ਹੁਣ ਮੁੜ ਤੋਂ ਬੱਚਿਆਂ ਦੀ ਸਿਹਤ ਸੰਭਾਲ ਲਈ ਟੀਮਾਂ ਨੀਰੀਖਣ ਕਰਨਗੀਆਂ। ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ।