ਗੱਤਕਾ ਖੇਡ ਨੂੰ ਓਲੰਪਿਕ ਖੇਡਾਂ ਚ ਸ਼ਾਮਲ ਕਰਵਾਇਆ ਜਾਵੇਗਾ : ਗਰੇਵਾਲ
ਨਿਊਜ਼ ਪੰਜਾਬ
ਪ੍ਰਦੀਪ ਸਿੰਘ ਨੂੰ ਜ਼ਿਲ੍ਹਾ ਮਲੇਰਕੋਟਲਾ ਗੱਤਕਾ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ
ਮਲੇਰਕੋਟਲਾ 29 ਅਗਸਤ –
ਕਰੀਬ ਦੋ ਦਹਾਕੇ ਪਹਿਲਾਂ ਲੁਪਤ ਹੋਣ ਵੱਲ ਵਧ ਰਹੀ ਸਿੱਖ ਜੰਗਜੂ ਕਲਾ ਗੱਤਕਾ ਤੇ ਵਿਰਾਸਤੀ ਸ਼ਸਤਰ ਵਿੱਦਿਆ ਅੱਜ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕੀਤੀਆਂ ਪ੍ਰਾਪਤੀਆਂ ਤੇ ਉਚੇਚੇ ਯਤਨਾਂ ਸਦਕਾ ਬੁਲੰਦੀਆਂ ਛੂਹਣ ਵੱਲ ਵਧ ਰਹੀ ਹੈ ਅਤੇ ਇਨ੍ਹਾਂ ਗੱਤਕਾ ਖੇਡ ਜਥੇਬੰਦੀਆਂ ਵੱਲੋਂ ਗੱਤਕਾ ਸੋਟੀ ਦੀ ਖੇਡ ਨੂੰ ਭਵਿੱਖ ਵਿੱਚ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ।
ਇਹ ਵਿਚਾਰ ਅੱਜ ਇੱਥੇ ਜ਼ਿਲ੍ਹਾ ਮਲੇਰਕੋਟਲਾ ਦੀ ਨਵੀਂ ਜਿਲਾ ਪੱਧਰੀ ਗੱਤਕਾ ਐਸੋਸੀਏਸ਼ਨ ਦੇ ਗਠਨ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਪੇਸ਼ ਕੀਤੇ। ਉਨ੍ਹਾਂ ਪਿਛਲੇ ਡੇਢ ਦਹਾਕੇ ਤੋਂ ਗੱਤਕਾ ਖੇਤਰ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗੱਤਕਾ ਖੇਡ ਦੇ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਹੁੰਦੀ ਹੈ ਜਿਸ ਕਰਕੇ ਗੱਤਕੇਬਾਜ਼ ਵੀ ਸਰਕਾਰੀ ਨੌਕਰੀਆਂ ਵਿੱਚ ਭਰਤੀ ਹੋਣ ਵੇਲੇ ਅਤੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਦਾਖ਼ਲਾ ਲੈਣ ਸਮੇਂ ਖਿਡਾਰੀ ਕੋਟੇ ਦਾ ਫਾਇਦਾ ਲੈ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਵਿੱਚ ਕੌਮੀ ਅਤੇ ਸੂਬਾ ਪੱਧਰ ਉੱਤੇ ਗੱਤਕਾ ਸਮੇਤ ਵੱਖ-ਵੱਖ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਅਤੇ ਗੱਤਕੇਬਾਜ਼ਾਂ ਨੂੰ ਕਰਮਵਾਰ 25 ਅੰਕ ਅਤੇ 15 ਅੰਕ ਜਿੱਤੇ ਜਾਂਦੇ ਹਨ।
ਗੱਤਕਾ ਪ੍ਰਮੋਟਰ ਗਰੇਵਾਲ ਨੇ ਦੱਸਿਆ ਕਿ ਨੈਸ਼ਨਲ ਖੇਲੋ ਇੰਡੀਆ ਗੇਮਜ਼ ਵਿੱਚ ਵੀ ਗੱਤਕੇ ਨੂੰ ਸ਼ਾਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਵਾਰ ਕੌਮੀ ਪੱਧਰ ਤੇ ਨਾਮਣਾ ਖੱਟਣ ਵਾਲੇ 100 ਗੱਤਕੇਬਾਜ਼ਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਰਬਸੰਮਤੀ ਨਾਲ ਹੋਈ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਚੋਣ ਦੌਰਾਨ ਪਰਦੀਪ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਪ੍ਰਧਾਨ, ਦਲਜੀਤ ਸਿੰਘ ਸਾਬਕਾ ਕਮਾਂਡੈਂਟ ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ, ਬਲਜਿੰਦਰ ਸਿੰਘ ਅਤੇ ਜਸਵੰਤ ਸਿੰਘ ਮੀਤ ਪ੍ਰਧਾਨ, ਕਰਮਜੀਤ ਸਿੰਘ ਸਿੱਧੂ ਸਕੱਤਰ ਜਨਰਲ, ਆਤਮਾ ਸਿੰਘ, ਅਤੇ ਦਲਜੀਤ ਸਿੰਘ ਵੜੈਚ ਜਨਰਲ ਸਕੱਤਰ, ਬਲਵਿੰਦਰ ਸਿੰਘ ਸਕੱਤਰ, ਹੁਸ਼ਿਆਰ ਸਿੰਘ ਰਾਣੂ ਪ੍ਰੈੱਸ ਸਕੱਤਰ, ਰਾਜਪਾਲ ਸਿੰਘ ਵਧੀਕ ਸਕੱਤਰ, ਦਵਿੰਦਰ ਸਿੰਘ ਵਿੱਤ ਸਕੱਤਰ, ਕੁਲਬੀਰ ਸਿੰਘ ਸੋਹੀ ਤੇ ਭੁਪਿੰਦਰ ਸਿੰਘ ਜਥੇਬੰਦਕ ਸਕੱਤਰ,
ਪਲਵਿੰਦਰ ਸਿੰਘ ਖਾਲਸਾ ਅਤੇ ਬਲਵਿੰਦਰ ਸਿੰਘ ਦੋਵੇਂ ਸੰਯੁਕਤ ਸਕੱਤਰ ਚੁਣੇ ਗਏ।
ਇਸ ਮੌਕੇ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਗੁਰਪ੍ਰੀਤ ਸਿੰਘ ਬੁਟਾਹਰੀ ਹਾਜ਼ਰ ਸਨ। ਹੋਰਨਾਂ ਤੋਂ ਇਲਾਵਾ ਹਰਮਨ ਸਿੰਘ ਕੈਲੇ ਅਤੇ ਦਰਸ਼ਨ ਸਿੰਘ ਪੰਧੇਰ ਵੀ ਪਹੁੰਚੇ ਹੋਏ ਸਨ।
।