ਬੁੱਢੇ ਨਾਲੇ ਵਿੱਚ ਪਾਣੀ ਛੱਡਣ ਨਾਲ ਬੀ.ਓ.ਡੀ. ਤੇ ਸੀ.ਓ.ਡੀ. ਦਾ ਪੱਧਰ ਘਟਿਆ – ਭਾਰਤ ਭੂਸ਼ਣ ਆਸ਼ੂ

ਨਿਊਜ਼ ਪੰਜਾਬ 

ਲੁਧਿਆਣਾ, 25 ਅਗਸਤ  – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ 650 ਕਰੋੜ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਪ੍ਰੋਜੈਕਟ ਦਾ ਜਾਇਜ਼ਾ ਲਿਆ ਅਤੇ ਨਗਰ ਨਿਗਮ, ਸੀਵਰੇਜ ਬੋਰਡ, ਪੀ.ਪੀ.ਸੀ.ਬੀ. ਅਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਸਾਰੇ ਨਿਰਮਾਣ ਕਾਰਜਾਂ ਦੀ ਗਤੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਸਥਾਨਕ ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸਰਬਜੀਤ ਕੌਰ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਨੂੰ ਪੀ.ਪੀ.ਸੀ.ਬੀ. ਅਤੇ ਸੀਵਰੇਜ ਬੋਰਡ ਨਾਲ ਮਿਲ ਕੇ ਇਨ੍ਹਾਂ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਕਿਹਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲੇ ਵਿੱਚ ਬੀ.ਓ.ਡੀ. ਅਤੇ ਸੀ.ਓ.ਡੀ. ਦਾ ਪੱਧਰ ਲਗਭਗ 70-80 ਪ੍ਰਤੀਸ਼ਤ ਘੱਟ ਗਿਆ ਹੈ ਹੈ ਕਿਉਂਕਿ 22 ਅਗਸਤ, 2021 ਨੂੰ ਸਰਹਿੰਦ ਨਹਿਰ ਦੇ ਨੀਲੋਂ ਡਰੇਨ ਰਾਹੀਂ ਨਹਿਰੀ ਪਾਣੀ ਬੁੱਢੇ ਨਾਲੇ ਵਿੱਚ ਛੱਡਿਆ ਗਿਆ ਸੀ।

ਉਨ੍ਹਾਂ ਖੁਲਾਸਾ ਕੀਤਾ ਕਿ ਪਾਣੀ ਛੱਡਣ ਦੇ ਦਿਨ (22 ਅਗਸਤ), ਬੀ.ਓ.ਡੀ. ਅਤੇ ਸੀ.ਓ.ਡੀ. ਦਾ ਪੱਧਰ ਕ੍ਰਮਵਾਰ 1124 ਅਤੇ 2157 ਸੀ ਅਤੇ ਅੱਜ, ਉਹੀ ਪੱਧਰ 61 ਅਤੇ 256 ਦਰਜ ਕੀਤੇ ਗਏ ਹਨ।

ਸਮਾਜ ਦੇ ਇੱਕ ਹਿੱਸੇ ਨੂੰ ਇਸ ਕਦਮ ‘ਤੇ ਕੁਝ ਸ਼ੰਕੇ ਹਨ, ਆਸ਼ੂ ਨੇ ਸਪੱਸ਼ਟ ਕੀਤਾ ਕਿ ਬੁੱਢੇ ਨਾਲੇ ਵਿੱਚ ਤਾਜ਼ੇ ਪਾਣੀ ਦੇ ਛੱਡੇ ਜਾਣ ਨਾਲ ਕੁਝ ਸੰਤੋਸ਼ਜਨਕ ਨਤੀਜੇ ਸਾਹਮਣੇ ਆਏ ਹਨ ਜੋ ਕਿ ਬੀ.ਓ.ਡੀ, ਸੀਓਡੀ ਅਤੇ ਹੋਰਾਂ ਦੀਆਂ ਰਿਪੋਰਟਾਂ ਤੋਂ ਸਪੱਸ਼ਟ ਹਨ।

ਉਨ੍ਹਾ ਕਿਹਾ ਕਿ ਬੁੱਢਾ ਦਰਿਆ ਪੁਨਰ ਸੁਰਜੀਤੀ ਪ੍ਰੋਜੈਕਟ ਅਧੀਨ, ਕੁੱਲ ਸਮਰੱਥਾ 285 ਐਮ.ਐਲ.ਡੀ.(ਜਮਾਲਪੁਰ 225 ਐਮ.ਐਲ.ਡੀ. ਅਤੇ ਬਲੋਕੇ 60 ਐਮ.ਐਲ.ਡੀ.) ਦੇ ਘਰੇਲੂ ਪਾਣੀ ਨੂੰ ਸਾਫ ਕਰਨ ਲਈ ਦੋ ਨਵੇਂ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਦੀ ਸਥਾਪਨਾ, 418 ਐਮ.ਐਲ.ਡੀ. ਦੀ ਟ੍ਰੀਟਮੈਂਟ ਸਮਰੱਥਾ ਵਾਲੇ ਮੌਜੂਦਾ ਐਸ.ਟੀ.ਪੀ. ਦਾ ਮੁੜ ਵਸੇਬਾ, ਤਾਜਪੁਰ ਅਤੇ ਹੈਬੋਵਾਲ ਦੇ ਦੋ ਡੇਅਰੀ ਕੰਪਲੈਕਸ ਤੋਂ 6 ਐਮ.ਐਲ.ਡੀ. ਗੰਦੇ ਪਾਣੀ ਨੂੰ ਸੁੱਧ ਕਰਨ ਲਈ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.), 10 ਕਿਲੋਮੀਟਰ ਪਾਈਪ ਲਾਈਨ ਵਿਛਾਉਣ ਅਤੇ ਸਾਲਾਂ ਲਈ ਪੂਰੇ ਬੁਨਿਆਦੀ ਢਾਂਚੇ ਦੇ ਸੰਚਾਲਨ ਅਤੇ ਰੱਖ-ਰਖਾਵ ਨੂੰ ਜੰਗੀ ਪੱਧਰ ‘ਤੇ ਸੁਰੂ ਕੀਤਾ ਗਿਆ ਹੈ ਜੋ ਦਸੰਬਰ, 2022 ਤੱਕ ਮੁਕੰਮਲ ਹੋ ਜਾਵੇਗਾ।

ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬੁੱਢਾ ਦਰਿਆ ਸਾਫ ਪਾਣੀ ਅਤੇ ਦੋਨੋ ਪਾਸੇ ਦੇ ਸੁੰਦਰ ਕਿਨਾਰਿਆਂ ਨਾਲ ਆਕਰਸ਼ਕ ਹੋਵੇਗਾ।

ਸ੍ਰੀ ਆਸ਼ੂ ਨੇ ਕਿਹਾ ਕਿ ਬੁੱਢੇ ਦਰਿਆ ਦੇ ਲਗਭਗ 14 ਕਿਲੋਮੀਟਰ ਲੰਬੇ ਹਿੱਸੇ ਦੀ ਸਫਾਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਭਿਲਾਸ਼ੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਹਕੀਕਤ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਾਜੈਕਟ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ਲਈ ਜਨਤਕ ਫੰਡਾਂ ਦੇ ਇੱਕ ਪੈਸੇ ਦੀ ਕਿਸੇ ਵੀ ਕੀਮਤ ‘ਤੇ ਦੁਰਵਰਤੋਂ ਨਹੀਂ ਹੋਵੇਗੀ।

ਇਸ ਮੌਕੇ ਮੁੱਖ ਇੰਜੀਨੀਅਰ ਸੀਵਰੇਜ਼ ਬੋਰਡ ਦਲਜੀਤ ਸਿੰਘ, ਪੀ.ਪੀ.ਸੀ.ਬੀ. ਐਸ.ਈ.ਈ. ਜੀ.ਐਸ. ਗਿੱਲ, ਈ.ਈ. ਜੀ.ਪੀ. ਸਿੰਘ, ਏ.ਈ.ਈ. ਅਮਨਦੀਪ ਸਿੰਘ, ਨਿਗਰਾਨ ਕਮੇਟੀ ਮੈਂਬਰ ਰਜਤ ਸੂਦ, ਹਰੀਸ਼ ਦੁਆ, ਟਾਸਕ ਫੋਰਸ ਮੈਂਬਰ ਅਤਲੇ ਚਾਹਲ ਅਤੇ ਹੋਰ ਹਾਜ਼ਰ ਸਨ।