ਟਵਿੱਟਰ ਨੇ ਲਗਭਗ 500 ਕਾਂਗਰਸੀ ਨੇਤਾਵਾਂ ਦੇ ਅਕਾਊਂਟ ਬਲਾਕ ਕੀਤੇ, ਪੜ੍ਹੋ ਕਿਉ

ਨਵੀਂ ਦਿੱਲੀ, 12 ਅਗਸਤ

ਕਾਂਗਰਸ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਸ ਦਾ ਤੇ ਉਸ ਦੇ ਕਈ ਨੇਤਾਵਾਂ ਦੇ ਟਵਿੱਟਰ ਅਕਾਊਂਟ ਬਲੌਕ ਕਰ ਦਿੱਤੇ ਗਏ ਹਨ। ਕੁਝ ਦਿਨ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਦਿੱਲੀ ਕਾਂਗਰਸ ਨੇ ਫੇਸਬੁੱਕ ਪੋਸਟ ਵਿੱਚ ਆਪਣੇ ਟਵਿੱਟਰ ਅਕਾਊਂਟ ਬਲੌਕ ਹੋਣ ਬਾਰੇ ਸੰਦੇਸ਼ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਹੈ। ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰੋਹਨ ਗੁਪਤਾ ਨੇ ਕਿਹਾ ਕਿ ਪਾਰਟੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਅਤੇ ਉਸ ਦੇ ਨੇਤਾਵਾਂ ਅਤੇ ਵਰਕਰਾਂ ਦੇ 5000 ਖਾਤੇ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਵਿੱਟਰ ਸਰਕਾਰ ਦੇ ਦਬਾਅ ਹੇਠ ਕਾਂਗਰਸੀ ਨੇਤਾਵਾਂ ਖ਼ਿਲਾਫ਼ ਕੰਮ ਕਰ ਰਿਹਾ ਹੈ, ਜਿਨ੍ਹਾਂ ਦੇ ਅਕਾਊਂਟ ਬਲੌਕ ਕੀਤੇ ਗੲੇ ਹਨ ਉਨ੍ਹਾਂ ਵਿੱਚ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ, ਜਨਰਲ ਸਕੱਤਰ ਅਜੇ ਮਾਕਨ, ਜਿਤੇਂਦਰ ਸਿੰਘ, ਸੰਸਦ ਮੈਂਬਰ ਮਨੀਕਮ ਟੈਗੋਰ, ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਅਤੇ ਕਈ ਹੋਰ ਨੇਤਾ ਸ਼ਾਮਲ ਹਨ।

ਟਵਿੱਟਰ ਨੇ ਅੱਜ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਹੋਰ ਨੇਤਾਵਾਂ ਦੇ ਅਕਾਊਂ ਬਲੌਕ ਕੀਤੇ ਗਏ ਹਨ। ਇਹ ਕਾਰਵਾਈ ਵਿਅਕਤੀ ਨਿੱਜਤਾ ਅਤੇ ਸੁਰੱਖਿਆ ਲਈ ਹੈ। ਪਿਛਲੇ ਹਫ਼ਤੇ ਰਾਸ਼ਟਰੀ ਰਾਜਧਾਨੀ ਵਿੱਚ ਨੌਂ ਸਾਲਾ ਦਲਿਤ ਲੜਕੀ ਦੇ ਬਲਾਤਕਾਰ ਅਤੇ ਹੱਤਿਆ ਮਾਮਲੇ ’ਚ ਪੀੜਤ ਪਰਿਵਾਰ ਦੀਆਂ ਤਸਵੀਰਾਂ ਪੋਸਟ ਕਰਨ ਕਰਕੇ ਟਵਿੱਟਰ ਨੇ ਰਾਹੁਲ ਗਾਂਧੀ ਅਤੇ ਕਈ ਕਾਂਗਰਸੀ ਨੇਤਾਵਾਂ ਦੇ ਟਵਿੱਟਰ ਹੈਂਡਲਸ ਨੂੰ ਬੰਦ ਕਰ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਵੀ ਬਲੌਕ ਕਰ ਦਿੱਤਾ ਗਿਆ ਹੈ।