ਜ਼ਿਲਾ ਮੈਜਿਸਟ੍ਰੇਟ ਮੋਗਾ ਵੱਲੋਂ ਜ਼ਿਲਾ ਵਿੱਚ ਕੋਵਿਡ ਸਬੰਧੀ 31 ਜੁਲਾਈ ਤੱਕ ਨਵੀਆਂ ਹਦਾਇਤਾਂ ਕੀਤੀਆਂ ਲਾਗੂ
ਡਾ. ਸਵਰਨਜੀਤ ਸਿੰਘ – ਨਿਊਜ਼ ਪੰਜਾਬ
ਮੋਗਾ, 21 ਜੁਲਾਈ: ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਦੀ ਹਦੂਦ ਅੰਦਰ ਕੋਵਿਡ 19 ਸਬੰਧੀ ਕੁਝ ਛੋਟਾਂ/ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਪਾਬੰਦੀਆਂ/ਛੋਟਾਂ ਦੇ ਹੁਕਮ 31 ਜੁਲਾਈ, 2021 ਤੱਕ ਲਾਗੂ ਰਹਿਣਗੇ।
ਉਨਾਂ ਦੱਸਿਆ ਕਿ ਇਨਡੂਰ ਸਮਾਰੋਹ ਲਈ 100 ਤੋਂ ਵਧਾ ਕੇ 150 ਅਤੇ ਆਊਟਡੋਰ ਸਮਾਰੋਹ ਲਈ 200 ਤੋ ਵਧਾ ਕੇ 300 ਵਿਅਕਤੀਆਂ ਦੇ ਇਕੱਠ ਦੀ ਆਗਿਆ ਹੋਵੇਗੀ, ਪ੍ਰੰਤੂ ਹਾਲ ਦੀ ਸਮਰੱਥਾ 150 ਜਾਂ 150 ਤੋਂ ਘੱਟ ਹੋਣ ਤੇ ਕੇਵਲ 50 ਫੀਸਦੀ ਇਕੱਠ ਕਰਨ ਦੀ ਆਗਿਆ ਹੋਵੇਗੀ। ਅਜਿਹੇ ਸਮਾਗਮਾਂ/ਜਸ਼ਨਾਂ ਵਿੱਚ ਕਲਾਕਾਰਾਂ/ਸੰਗੀਤਕਾਰਾਂ ਨੂੰ ਕੋਵਿਡ ਪ੍ਰੋਟੋਕੋਲ ਦੇ ਨਾਲ ਪ੍ਰੋਗਰਾਮ ਕਰਨ ਦੀ ਆਗਿਆ ਹੋਵੇਗੀ।
ਸਾਰੇ ਬਾਰ ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿੰਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜ਼ੀਅਮ ਆਦਿ ਨੂੰ 50 ਫੀਸਦੀ ਦੀ ਸਮਰੱਥਾ ਨਾਲ ਖੋਲਣ ਦੀ ਆਗਿਆ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਇਨਾਂ ਵਿੱਚ ਕੰਮ ਕਰਨ ਵਾਲੇ ਪੂਰੇ ਸਟਾਫ਼ ਨੇ ਕੋਵਿਡ ਵੈਕਸੀਨ ਦੀਆਂ ਪੂਰੀਆਂ ਡੋਜ਼ਾਂ ਲਗਵਾ ਲਈਆਂ ਹੋਣ। ਇਸ ਤੋਂ ਇਲਾਵਾ ਸਵਿਮਿੰਗ ਪੂਲ, ਸਪੋਰਟਸ ਅਤੇ ਜਿੰਮ ਨਾਲ ਸਬੰਧਤ ਸੇਵਾਵਾਂ ਕੇਵਲ 18 ਸਾਲ ਤੋਂ ਵੱਧ ਉਮਰ ਦੇ ਉਹ ਵਿਅਕਤੀ ਹੀ ਪ੍ਰਾਪਤ ਕਰ ਸਕਦੇ ਹਨ, ਜਿੰਨਾਂ ਨੇ ਘੱਟੋ ਘੱਟ ਇੱਕ ਵੈਕਸੀਨ ਡੋਜ਼ ਲਗਵਾ ਲਈ ਹੋਵੇ।
ਕਾਲਜ, ਕੋਚਿੰਗ ਸੈਂਟਰ ਅਤੇ ਹੋਰ ਉੱਚ ਸਿੱਖਿਆ ਕੇਂਦਰਾਂ ਨੂੰ ਖੋਲਣ ਦੀ ਆਗਿਆ ਇਸ ਸ਼ਰਤ ਤੇ ਦਿੱਤੀ ਜਾਂਦੀ ਹੈ ਕਿ ਇਨਾਂ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਟੀਚਿੰਗ/ਨਾਲ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ ਲਗਵਾ ਲਈਆਂ ਹੋਣ।
ਸਕੂਲਾਂ ਬਾਰੇ ਦੱਸਦਿਆ ਉਨਾਂ ਕਿਹਾ ਕਿ 10ਵੀਂ, 11ਵੀਂ ਅਤੇ 12ਵੀਂ ਦੀਆਂ ਜਮਾਤਾਂ ਲਈ ਸਕੂਲ ਸੋਮਵਾਰ ਮਿਤੀ 26 ਜੁਲਾਈ, 2021 ਤੋਂ ਖੋਲਣ ਦੀ ਆਗਿਆ ਹੋਵੇਗੀ ਪਰ ਸਿਰਫ਼ ਉਨਾਂ ਅਧਿਆਪਕਾਂ ਅਤੇ ਸਟਾਫ਼ ਨੂੰ ਮੌਜੂਦ ਰਹਿਣ ਦੀ ਆਗਿਆ ਹੋਵੇਗੀ, ਜਿੰਨਾਂ ਨੇ ਵੈਕਸੀਨ ਦੀਆਂ ਪੂਰੀਆਂ ਡੋਜ਼ਜ਼ ਲਗਵਾ ਲਈਆਂ ਹੋਣ। ਵਿਦਿਆਰਥੀਆਂ ਦੀ ਸਕੂਲ ਵਿੱਚ ਮੌਜੂਦਗੀ ਕੇਵਲ ਮਾਪਿਆਂ ਦੁਆਰਾ ਸਕੂਲ ਨੂੰ ਸਹਿਮਤੀ ਦੇਣ ਤੇ ਹੋਵੇਗੀ। ਆਨ ਲਾਈਨ ਕਲਾਸਾਂ ਨੂੰ ਪਹਿਲਾਂ ਦੀ ਤਰਾਂ ਜਾਰੀ ਰੱਖਿਆ ਜਾਵੇਗਾ। ਇਸ ਸਬੰਧੀ ਉਪਕ੍ਰਮ ਇਸ ਦਫ਼ਤਰ ਵਿਖੇ ਜਮਾਂ ਕਰਵਾਈ ਜਾ ਸਕਦੀ ਹੈ।
ਸਕੂਲਾਂ ਸਬੰਧੀ ਸਿੱਖਿਆ ਵਿਭਾਗ, ਪੰਜਾਬ ਵੱਲੋਂ ਕੋਵਿਡ ਢੁਕਵਾਂ ਵਿਵਹਾਰ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਉਪਰੋਕਤ ਦੇ ਬਾਰੇ ਵਿੱਚ ਕੋਵਿਡ ਢੁਕਵਾਂ ਵਿਵਹਾਰ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਤੇ ਨਾ ਥੁੱਕਣਾ ਆਦਿ ਸ਼ਾਮਿਲ ਹਨ।
ਜ਼ਿਲਾ ਮੈਜਿਸਟ੍ਰੇਟ ਨੇ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਕਿ ਕਰੋਨਾ ਵੈਕਸੀਨੇਸ਼ਨ ਦੀਆਂ ਡੋਜ਼ਾਂ ਤੁਰੰਤ ਲਗਵਾਈਆਂ ਜਾਣ ਤਾਂ ਜੋ ਹਰ ਵਿਅਕਤੀ ਕੋਵਿਡ ਤੋਂ ਸੁਰੱਖਿਅਤ ਹੋ ਸਕੇ।