10ਵੀ ਅਤੇ +2 ਦੀਆਂ ਪ੍ਰੀਖਿਆਵਾਂ ਸਾਲ ਚ ਦੋ ਵਾਰ ਹੋਣਗੀਆਂ, ਹੋਰ ਵੀ ਵੱਡੀਆ ਤਬਦੀਲੀਆਂ, ਪੜ੍ਹੋ ਵੇਰਵੇ…
ਨਵੀਂ ਦਿੱਲੀ :
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵਲੋਂ ਸੈਸ਼ਨ 2021-22 ਲਈ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਨਵੀਂ ਯੋਜਨਾ ਐਲਾਨੀ ਗਈ ਹੈ। ਇਹ ਫ਼ੈਸਲਾ ਕਰੋਨਾ ਮਹਾਮਾਰੀ ਕਾਰਨ ਲਿਆ ਗਿਆ ਹੈ। ਬੋਰਡ ਵੱਲੋਂ ਸਾਲ ਵਿਚ ਦੋ ਵਾਰ ਪ੍ਰੀਖਿਆਵਾਂ ਲਈਆਂ ਜਾਣਗੀਆਂ। ਪਹਿਲੀ ਪ੍ਰੀਖਿਆ ਨਵੰਬਰ-ਦਸੰਬਰ ਵਿਚ ਹੋਵੇਗੀ ਜਦਕਿ ਦੂਜੀ ਪ੍ਰੀਖਿਆ ਮਾਰਚ-ਅਪਰੈਲ ਵਿਚ ਹੋਵੇਗੀ। ਹਰ ਟਰਮ ਦੀ ਪ੍ਰੀਖਿਆ 50 ਫੀਸਦ ਸਿਲੇਬਸ ’ਤੇ ਆਧਾਰਿਤ ਹੋਵੇਗੀ। ਇਸ ਤੋਂ ਇਲਾਵਾ ਬੋਰਡ ਨੇ ਪ੍ਰੀਖਿਆਵਾਂ ਦਾ ਪੈਟਰਨ ਵੀ ਬਦਲ ਦਿੱਤਾ ਹੈ। ਸਿਲੇਬਸ ਨੂੰ ਵੀ ਜਲਦੀ ਹੀ ਬੋਰਡ ਦੀ ਵੈੱਬਸਾਈਟ ਉਤੇ ਅਪਲੋਡ ਕਰ ਦਿੱਤਾ ਜਾਵੇਗਾ। ਬੋਰਡ ਦੇ ਡਾਇਰੈਕਟਰ (ਅਕਾਦਮਿਕ) ਨੇ ਕਿਹਾ ਕਿ ਕਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਬੋਰਡ ਪ੍ਰੀਖਿਆਵਾਂ ਬਾਰੇ ਬੇਯਕੀਨੀ ਬਣੀ ਰਹੀ ਸੀ ਜਿਸ ਕਾਰਨ ਬੋਰਡ ਨੇ ਪ੍ਰੀਖਿਆਵਾਂ ਦੇ ਪੈਟਰਨ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਬੋਰਡ ਨੇ ਦੱਸਿਆ ਕਿ ਟਰਮ-1 ਦੀ ਪ੍ਰੀਖਿਆ 90 ਮਿੰਟ ਤੇ ਟਰਮ-2 ਦੀ ਪ੍ਰੀਿਖਆ 2 ਘੰਟੇ ਦੀ ਹੋਵੇਗੀ। ਸੀਬੀਐੱਸਈ ਇਨ੍ਹਾਂ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਤਿਆਰ ਕਰ ਕੇ ਸਕੂਲਾਂ ਨੂੰ ਭੇਜੇਗੀ। ਇਸ ਦੇ ਨਾਲ ਸਕੂਲਾਂ ਨੂੰ ਮਾਰਕਿੰਗ ਸਕੀਮ ਵੀ ਭੇਜੀ ਜਾਵੇਗੀ। ਇਹ ਪ੍ਰੀਖਿਆਵਾਂ ਸੀਬੀਐੱਸਈ ਵਲੋਂ ਭੇਜੇ ਨਿਗਰਾਨਾਂ ਤੇ ਐਕਸਟਰਨਲ ਸੈਂਟਰ ਸੁਪਰਡੈਂਟਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾਣਗੀਆਂ। ਟਰਮ-1 ਤੇ ਟਰਮ-2 ਵਿਚ ਹਾਸਲ ਕੀਤੇ ਅੰਕਾਂ ਦੇ ਆਧਾਰ ਉਤੇ ਅੰਤਿਮ ਨਤੀਜਾ ਐਲਾਨਿਆ ਜਾਵੇਗਾ। ਹਰ ਸਕੂਲ ਹਰ ਵਿਦਿਆਰਥੀ ਦਾ ਪੋਰਟਫੋਲੀਓ ਬਣਾਉਣਗੇ ਤੇ ਵਿਦਿਆਰਥੀਆਂ ਦਾ ਮੁਲਾਂਕਣ ‘ਇੰਟਰਨਲ ਅਸੈਸਮੈਂਟ’ ਦੇ ਆਧਾਰ ਉਤੇ ਕੀਤਾ ਜਾਵੇਗਾ। ਹਰ ਸਕੂਲ ਸੈਸ਼ਨ ਦੇ ਸ਼ੁਰੂ ਤੋਂ ਹੀ ਅੰਕੜੇ ਇਕੱਠੇ ਕਰਨਾ ਯਕੀਨੀ ਬਣਾਉਣਗੇ ਤੇ ਇਸ ਨੂੰ ਡਿਜੀਟਲ ਰੂਪ ਦੇ ਕੇ ਬੋਰਡ ਦੀ ਵੈਬਸਾਈਟ ਉਤੇ ਅਪਲੋਡ ਕਰਨਗੇ। ਇਸ ਤੋਂ ਇਲਾਵਾ 9ਵੀਂ ਤੇ 10ਵੀਂ ਦੀ ਇੰਟਰਨਲ ਅਸੈਸਮੈਂਟ ਵਿਚ ਮਹੀਨਾਵਾਰ ਟੈਸਟ, ਪੋਰਟਫੋਲੀਓ ਤੇ ਪ੍ਰੈਕਟੀਕਲ ਕੰਮ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਅੱਜ ਟਵਿੱਟਰ ਉਤੇ ਜਾਣਕਾਰੀ ਦਿੱਤੀ ਕਿ ਜਿਹੜੇ ਵਿਦਿਆਰਥੀ 12ਵੀਂ ਜਮਾਤ ਦੀ ਪ੍ਰੀਖਿਆ ਰੱਦ ਹੋਣ ਕਾਰਨ ਨਿਰਾਸ਼ ਹਨ, ਉਨ੍ਹਾਂ ਵਿਦਿਆਰਥੀਆਂ ਲਈ 12ਵੀਂ ਦੀ ਪ੍ਰੀਖਿਆ ਅਗਸਤ ਵਿਚ ਹੋਵੇਗੀ। ਕੇਂਦਰ ਸਰਕਾਰ ਵਲੋਂ ਸੀਬੀਐਸਈ ਨਾਲ ਮਿਲ ਕੇ ਇਸ ਯੋਜਨਾ ਉਤੇ ਕੰਮ ਕੀਤਾ ਜਾ ਰਿਹਾ ਹੈ ਤੇ ਇਹ ਪ੍ਰੀਖਿਆ ਆਫਲਾਈਨ ਲਈ ਜਾਵੇਗੀ।