ਬਲਬੀਰ ਸਿੱਧੂ ਨੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੀਆਂ ਲੋੜਾਂ ਦੀ ਪੂਰਤੀ ਲਈ ਮੈਡੀਸਨ ਡਲਿਵਰੀ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਿਊਜ਼ ਪੰਜਾਬ 
ਚੰਡੀਗੜ, 22 ਮਾਰਚ:
ਤੰਦਰੁਸਤ ਪੰਜਾਬ ਸਿਹਤ ਕੇਂਦਰਾਂ (ਐਚ.ਸੀ.ਡਬਲਿੳਜ਼ੂ) ਵਿੱਚ ਦਵਾਈਆਂ ਦੇ ਲੋੜੀਂਦੇ ਭੰਡਾਰ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਰਿਆਸ ਭਵਨ ਸੈਕਟਰ -38 ਚੰਡੀਗੜ ਵਿਖੇ ਇੱਕ ਮੈਡੀਸਨ ਡਲਿਵਰੀ ਵੈਨ(ਐਮ.ਡੀ.ਵੀ.) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕਮਿਊਨਿਟੀ ਹੈਲਥ ਅਫਸਰਾਂ (ਸੀ.ਐਚ.ਓ.) ਨੂੰ ਸਿਹਤ ਕੇਂਦਰਾਂ ਵਿੱਚ ਦਵਾਈਆਂ ਦੇ ਲੋੜੀਂਦੇ ਭੰਡਾਰ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਉਨਾਂ ਨੂੰ ਜਲਦੀ ਹੀ ਗੁਦਾਮਾਂ ਤੋਂ ਆਨਲਾਈਨ ਢੰਗ ਰਾਹੀਂ ਪੂਰੀ ਤਿਮਾਹੀ ਲਈ ਐਡਵਾਂਸ ਵਿੱਚ ਲੋੜੀਂਦੀਆਂ ਦਵਾਈਆਂ ਦਾ ਸਟਾਕ ਰੱਖਣ ਲਈ ਅਧਿਕਾਰਿਤ ਕੀਤਾ  ਜਾਵੇਗਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿਹਤ ਕੇਂਦਰਾਂ ਵਿਖੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਮੈਡੀਸਨ ਵੈਨ ਰਾਹੀਂ ਸਿੱਧੇ ਤੌਰ ’ਤੇ ਖੇਤਰੀ ਡਰੱਗ ਵੇਅਰਹਾਸ ਤੋਂ ਸਾਰੀਆਂ 27 ਦਵਾਈਆਂ ਦੀ ਸਪਲਾਈ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਮਾਰਚ 2019 ਤੋਂ ਹੁਣ ਤੱਕ 79 ਲੱਖ ਮਰੀਜਾਂ ਨੂੰ ਇਹਨਾਂ ਕੇਂਦਰਾਂ ਵਿਖੇ ਓ.ਪੀ.ਡੀ. ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਸਦਾ ਅਰਥ ਹੈ ਕਿ ਸੀ.ਐਚ.ਓਜ਼ ਦੁਆਰਾ ਔਸਤਨ 21,643 ਮਰੀਜਾਂ ਨੂੰ ਓ.ਪੀ.ਡੀ ਸੇਵਾਵਾਂ ਦਿੱਤੀਆਂ ਜਾਂਦੀ ਹਨ।
ਉਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਬਲਾਕ ਪੱਧਰੀ ਸਿਹਤ ਕੇਂਦਰਾਂ ਵਲੋਂ ਇਹ ਸਾਰੀਆਂ ਦਵਾਈਆਂ ਖੇਤਰੀ ਮੈਡੀਸਨ ਵੇਅਰਹਾਊਸਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਨੂੰ ਵੰਡੀਆਂ ਜਾਂਦੀਆਂ ਹਨ। ਪਰ ਇਸ ਵਿਧੀ ਰਾਹੀਂ ਸਾਰੇ ਕੇਂਦਰਾਂ ਨੂੰ ਉਨਾਂ ਦੀ ਮੰਗ ਅਨੁਸਾਰ ਦਵਾਈਆਂ ਦੀ ਲੋੜੀਂਦੀ ਸਪਲਾਈ ਪੂਰੀ ਨਹੀਂ ਹੋ ਰਹੀ ਹੈ। ਉਨਾਂ ਕਿਹਾ ਕਿ ਓ.ਪੀ.ਡੀ. ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਲੋਂ ਪੜਾਅਵਾਰ ਢੰਗ ਨਾਲ ਸਾਰੇ ਜਿਲਿਆਂ ਨੂੰ ਇਸ ਪ੍ਰੋਗਰਾਮ ਤਹਿਤ ਕਵਰ ਕੀਤਾ ਜਾ ਰਿਹਾ ਹੈ। ਇਹ ਮੈਡੀਸਨ ਵੈਨ ਪ੍ਰੋਜੈਕਟ ਜਿਲਾ ਐਸ.ਏ.ਐਸ. ਨਗਰ ਦੇ 70 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਚ ਇਕ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਜਾ ਰਿਹਾ ਹੈ।
ਮੈਡੀਸਨ ਵੈਨ ਪ੍ਰਾਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ: ਅਰੀਤ ਕੌਰ ਨੇ ਦੱਸਿਆ ਕਿ ਹੁਣ ਸੀ.ਐਚ.ਓਜ ਨੂੰ ਆਪੋ -ਆਪਣੇ ਕੇਂਦਰਾਂ ਵਿਚ ਦਵਾਈਆਂ ਦਾ ਭੰਡਾਰ ਕਾਇਮ ਰੱਖਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਬਹੁਤ ਜਲਦ ਹੀ ਸੀ.ਐਚ.ਓਜ ਆਨਲਾਈਨ ਮੋਡ ਰਾਹੀਂ ਪੂਰੀ ਤਿਮਾਹੀ ਲਈ ਲੋੜੀਂਦੀਆਂ ਦਵਾਈਆਂ ਦੀ ਮੰਗ ਐਡਵਾਂਸ ਵਿੱਚ ਕਰ ਸਕਣਗੇ। ਇਹ ਵੈਨਾਂ ਮੰਗ ਅਨੁਸਾਰ ਗੁਦਾਮ ਤੋਂ ਦਵਾਈਆਂ ਪ੍ਰਾਪਤ ਕਰਨਗੀਆਂ ਅਤੇ ਬਿਨਾਂ ਕਿਸੇ ਦੇਰੀ ਤੋਂ ਸਿਹਤ ਕੇਂਦਰ ਨੂੰ ਸਪਲਾਈ ਕਰਨਗੀਆਂ।
ਡਾ: ਅਰੀਤ ਨੇ ਦੱਸਿਆ ਕਿ ਸੂਬੇ ਵਿੱਚ 2820 ਸਿਹਤ ਕੇਂਦਰ ਕਾਰਜਸ਼ੀਲ ਹਨ ਜਿਹਨਾਂ ਵਿੱਚ 2380 ਉਪ ਕੇਂਦਰ, 347 ਮੁੱਢਲਾ ਸਿਹਤ ਕੇਂਦਰ ਅਤੇ 93 ਸ਼ਹਿਰੀ ਮੁੱਢਲਾ ਸਿਹਤ ਕੇਂਦਰ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਸਾਲ 2020-21 ਲਈ ਭਾਰਤ ਸਰਕਾਰ ਵਲੋਂ ਮਿੱਥੇ ਟੀਚੇ ਨੂੰ ਪੂਰਾ ਕਰਦਿਆਂ 1435 ਕੇਂਦਰਾਂ ਨੂੰ ਕਾਰਜਸ਼ੀਲ ਬਣਾ ਕੇ 196 ਫੀਸਦ ਪ੍ਰਾਪਤੀ ਦਰਜ ਕੀਤੀ ਗਈ ਹੈ। ਇਹ ਕੇਂਦਰ ਪੰਜਾਬ ਦੇ ਸਿਹਤ ਪ੍ਰਣਾਲੀ ਖਾਸਕਰ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਉਪਲਬਧਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਉਹਨਾਂ ਕਿਹਾ ਕਿ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਇਹਨਾਂ ਨੂੰ ਲਾਗੂ ਕਰਨ ਦੀ ਰਫਤਾਰ ਨੂੰ ਦੇਖਦਿਆਂ ਇਹ ਭਰੋਸਾ ਬੱਝਦਾ ਹੈ ਕਿ ਲੋਕਾਂ ਨੂੰ ਕਿਫਾਇਤੀ ਤੇ ਆਸਾਨ ਮੁੱਢਲੀਆਂ ਸਿਹਤ ਸੇਵਾਵਾਂ ਉਪਲਬਧ ਕਰਾਉਣ ਦੇ ਮੱਦੇਨਜ਼ਰ ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ । ਉਹਨਾਂ ਕਿਹਾ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰ ਦੀਆਂ ਬਿਹਤਰੀਨ ਸਿਹਤ ਸਹੂਲਤਾਂ ਸਦਕਾ ਮੁੱਢਲਾ ਸਿਹਤ ਕੇਂਦਰ ਅਤੇ ਇਸ ਤੋਂ ਉੱਪਰਲੀਆਂ ਸਿਹਤ ਸਹੂਲਤਾਂ ਦੇ ਬੋਝ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋਏ ਹਨ।