ਕਿਸਾਨਾਂ ਵੱਲੋਂ 26 ਨੂੰ ਮੁਕੰਮਲ ‘ਭਾਰਤ ਬੰਦ’ ਦਾ ਸੱਦਾ

ਨਿਊਜ਼ ਪੰਜਾਬ 

ਮਾਰਚ 11:

ਸੰਯੁਕਤ ਕਿਸਾਨ ਮੋਰਚਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਦਿਆਂ 26 ਮਾਰਚ ਨੂੰ ਮੁਕੰਮਲ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਤੇ ਟਰੇਡ ਯੂਨੀਅਨਾਂ ਵੱਲੋਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਅਤੇ ਤੇਲ ਦੀਆਂ ਕੀਮਤਾਂ ਖ਼ਿਲਾਫ਼ 15 ਮਾਰਚ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਕੌਮੀ ਰਾਜਧਾਨੀ ਦਿੱਲੀ ਦੇ ਬਾਰਡਰਾਂ ’ਤੇ 100 ਦਿਨਾਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 15 ਮਾਰਚ ਨੂੰ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਤੇ ਰੇਲਵੇ ਸਮੇਤ ਹੋਰ ਅਦਾਰਿਆਂ ਦੇ ਤੇਜ਼ੀ ਨਾਲ ਨਿੱਜੀਕਰਨ ਦੇ ਵਿਰੋਧ ’ਚ ਟਰੇਡ ਯੂਨੀਅਨਾਂ ਨਾਲ ਦੇਸ਼ ਪੱਧਰ ’ਤੇ ਐੱਸਡੀਐੱਮਜ਼ ਅਤੇ ਡੀਸੀਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਮੋਰਚੇ ਵੱਲੋਂ ਮਜ਼ਦੂਰ ਜਥੇਬੰਦੀਆਂ, ਵੱਖ-ਵੱਖ ਟਰਾਂਸਪੋਰਟਰਾਂ ਦੀਆਂ ਕੌਮੀ, ਸੂਬਾਈ ਜਥੇਬੰਦੀਆਂ ਤੇ ਹੋਰ ਯੂਨੀਅਨਾਂ ਨਾਲ ਮਿਲ ਕੇ ਸਿੰਘੂ ਬਾਰਡਰ ’ਤੇ ਕਨਵੈਸ਼ਨ ਕੀਤੀ ਜਾਵੇਗੀ।