ਜੀਐੱਸਟੀ ਅਤੇ ਤੇਲ ਕੀਮਤਾਂ ਖ਼ਿਲਾਫ਼ ਵਪਾਰੀਆਂ ਅਤੇ ਟਰਾਂਸਪੋਟਰਾਂ ਵੱਲੋਂ ‘ਭਾਰਤ ਬੰਦ’ ਅੱਜ
ਨਵੀਂ ਦਿੱਲੀ, 25 ਫਰਵਰੀ
ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਵਿੱਚ ਆਪਹੁਦਰੀਆਂ ਤਬਦੀਲੀਆਂ ਅਤੇ ਈ-ਕਾਮਰਸ ਕੰਪਨੀਆਂ ਵੱਲੋਂ ਕਥਿਤ ਨਿਯਮਾਂ ਦੀ ਉਲੰਘਣਾ ਵਿਰੁੱਧ ਦੇਸ਼ ਭਰ ਦੇ ਵਪਾਰੀ ਸ਼ੁੱਕਰਵਾਰ 26 ਫਰਵਰੀ ਨੂੰ ਇਕ ਰੋਜ਼ਾ ਹੜਤਾਲ ਕਰਨਗੇ। ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਵਿਚ 40,000 ਤੋਂ ਵੱਧ ਵਪਾਰਕ ਐਸੋਸੀਏਸ਼ਨਾਂ ਨਾਲ ਸਬੰਧਤ 8 ਕਰੋੜ ਤੋਂ ਵੱਧ ਵਪਾਰੀ ਭਲਕੇ ‘ਭਾਰਤ ਵਪਾਰ ਬੰਦ’ ਵਿੱਚ ਸ਼ਾਮਲ ਹੋਣਗੇੇ। ਕਨਫੈਡਰੇਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ੀ ਈ-ਕਾਮਰਸ ਕੰਪਨੀਆਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਈ-ਕਾਮਰਸ ਵਿਚਲੀਆਂ ਖਾਮੀਆਂ ਨੂੰ ਦੂਰ ਕਰੇ। ਆਲ ਇੰਡੀਆ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਪਹਿਲਾਂ ਹੀ ‘ਭਾਰਤ ਬੰਦ’ ਦੀ ਹਮਾਇਤ ਕਰਦਿਆਂ ਪੂਰੇ ਦੇਸ਼ ਵਿੱਚ ਸ਼ੁੱਕਰਵਾਰ ਨੂੰ ‘ਚੱਕਾ ਜਾਮ’ ਦਾ ਐਲਾਨ ਕਰ ਚੁੱਕੀ ਹੈ। ਸੀੲੇਆਈਟੀ ਦੇ ਸਕੱਤਰ ਜਨਰਲ ਪ੍ਰਵੀਨ ਖੰਡੇਲਵਾਲ ਨੇ ਕਿਹਾ ਬੰਦ ਵਿੱਚ ਨਾ ਸਿਰਫ਼ ਵਪਾਰੀ ਬਲਕਿ ਛੋਟੇ ਸਨਅਤਕਾਰ, ਹਾਕਰ ਤੇ ਮਹਿਲਾ ਉੱਦਮੀ ਵੀ ਸ਼ਾਮਲ ਹੋਣਗੇ। ਇਸ ਦੌਰਾਨ ਚਾਰਟਰਡ ਅਕਾਊਂਟੈਂਟਾਂ ਤੇ ਟੈਕਸ ਵਕੀਲਾਂ ਨੇ ਵੀ ਬੰਦ ਦੀ ਹਮਾਇਤ ਦਾ ਐਲਾਨ ਕੀਤਾ ਹੈ। ਖੰਡੇਲਵਾਲ ਨੇ ਕਿਹਾ ਕਿ ਰੋਸ ਵਜੋਂ 1500 ਤੋਂ ਵੱਧ ਕਸਬਿਆਂ ਤੇ ਸ਼ਹਿਰਾਂ ਵਿੱਚ ਧਰਨੇ ਦੇਵਾਂਗੇ ਤੇ ਵਪਾਰੀ ਭਲਕੇ ਜੀਐੱਸਟੀ ਪੋਰਟਲ ’ਤੇ ਲੌਗਇਨ ਨਹੀਂ ਕਰਨਗੇ।