ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਦ੍ਰਿੜ ਸੰਕਲਪ – ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ
ਨਿਊਜ਼ ਪੰਜਾਬ
ਲੁਧਿਆਣਾ, 18 ਫਰਵਰੀ ਪੰਜਾਬ ਯੁਵਕ ਵਿਕਾਸ ਬੋਰਡ ਸੂਬੇ ਦੇ ਨੌਜਵਾਨਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ.ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ ਪੰਜਾਬ ਯੁਵਕ ਵਿਕਾਸ ਬੋਰਡ (ਪੰਜਾਬ ਸਰਕਾਰ)ਨੇ ਰਾਜ ਪੱਧਰੀ ਮੁਹਿੰਮ “ਯੂਥ ਆਫ ਪੰਜਾਬ” ਨੂੰ ਅਮਲੀ ਰੂਪ ਦਿੰਦੇ ਹੋਏ ਨੌਜਵਾਨਾਂ ਤੱਕ ਇਸਦਾ ਲਾਭ ਜ਼ਮੀਨੀ ਪੱਧਰ ਤੇ ਪਹੁੰਚਾਉਣ ਦਾ ਦ੍ਰਿੜ ਸੰਕਲਪ ਸੱਚ ਕਰਨ ਜਾ ਰਹੇ ਹਨ। ਲੁਧਿਆਣਾ ਵਿਖੇ ਗੁਰੂ ਨਾਨਕ ਭਵਨ ਵਿਖੇ 23 ਫਰਵਰੀ, 2021 ਨੂੰ ਕਰਵਾਏ ਜਾ ਰਹੇ ਖੇਡ ਕਿੱਟ ਵੰਡ ਸਮਾਰੋਹ ਵਿੱਚ ਲੈਫ. ਜਨਰਲ ਤਜਿੰਦਰ ਸਿੰਘ ਸ਼ੇਰਗਿੱਲ (ਰਿਟਾ.) ਸੀਨੀਅਰ ਅਡਵਾਈਜ਼ਰ, ਮਾਨਯੋਗ ਮੁੱਖ ਮੰਤਰੀ ਪੰਜਾਬ, ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ।
ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਨ੍ਹਾਂ ਨੂੰ ਪੰਜਾਬ ਯੁਵਕ ਵਿਕਾਸ ਬੋਰਡ ਦਾ ਕਾਰਜਭਾਰ ਸੌਂਪਿਆ ਹੈ, ਉਨ੍ਹਾਂ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸੇ ਤਹਿਤ ਉਹ ਖੇਡ ਕਿੱਟਾਂ ਪੰਜਾਬ ਦੇ ਯੂਥ ਕਲੱਬਾਂ, ਰੈੱਡ ਰਿਬਨ ਕਲੱਬਾਂ, ਐਨ.ਐਸ.ਐਸ. ਯੂਨਿਟਾਂ, ਕਾਲਜਾਂ ਦੇ ਖੇਡ ਕਲੱਬਾਂ ਅਤੇ ਹੋਰ ਅਜਿਹੀਆਂ ਖੇਡ ਸੰਸਥਾਵਾਂ ਨੂੰ ਵੰਡਣ ਜਾ ਰਹੇ ਹਨ ਜੋ ਹੋਣਹਾਰ ਖਿਡਾਰੀਆਂ ਨੂੰ ਤਿਆਰ ਕਰ ਰਹੇ ਹਨ। ਇਹਨਾਂ ਖੇਡ ਕਿੱਟਾਂ ਨਾਲ ਜਿੱਥੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ, ਉੱਥੇ ਹੀ ਉਹ ਓਲੰਪਿਕ ਅਤੇ ਰਾਸ਼ਟਰੀ ਪੱਧਰ ਤੇ ਰਾਜ ਦਾ ਨਾਮ ਰੋਸ਼ਨ ਕਰਨਗੇ। ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਹ ਸਮੁੱਚੇ ਸੂਬੇ ਦੇ ਨੌਜਵਾਨਾਂ ਨਾਲ ਖੜ੍ਹੇ ਹਨ ਅਤੇ ਉਹਨਾਂ ਦੇ ਚੰਗੇਰੇ ਅਤੇ ਉੱਜਲ ਭਵਿੱਖ ਲਈ ਦ੍ਰਿੜ ਸੰਕਲਪ ਹਨ। ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਰਾਜ ਦੇ ਸਮੁੱਚੇ ਜਿਲ੍ਹਿਆਂ ਦਾ ਦੌਰਾ ਕਰਨ ਸਬੰਧੀ ਬੋਲਦਿਆਂ ਕਿਹਾ ਕਿ ਲੁਧਿਆਣੇ ਜਿਲ੍ਹੇ ਤੋਂ ਸ਼ੁਰੂ ਕਰਕੇ ਚਾਰ ਵੱਖ-ਵੱਖ ਜਿਲ੍ਹਿਆਂ ਨੂੰ ਪਹਿਲੇ ਪੜਾਅ ਅਧੀਨ ਕਵਰ ਕੀਤਾ ਜਾਵੇਗਾ।
ਉਹਨਾਂ ਰਾਜ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵੱਲ ਰੁਚਿਤ ਹੋ ਕੇ ਨਸ਼ਿਆਂ ਤੋਂ ਦੂਰ ਰਹਿਣ। ਸ.ਬਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪੰਜਾਬ ਯੁਵਕ ਵਿਕਾਸ ਬੋਰਡ ਰਾਜ ਦੇ ਨੌਜਵਾਨਾਂ ਦੀ ਬਿਹਤਰੀ ਲਈ ਪੂਰੀ ਤਰਾਂ ਵਚਨਬੱਧ ਹੈ।