ਕੇਜਰੀਵਾਲ ਵਲੋਂ ਖੇਤੀ ਕਾਨੂੰਨਾਂ ਦੀਆਂ ਆਨ ਰਿਕਾਰਡ ਤਾਰੀਫਾਂ ਕਰਨ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਪ੍ਰਤੀ ਕਿੰਨੀ ਕੁ ਹਮਦਰਦ ਹੈ- ਕੈਪਟਨ ਅਮਰਿੰਦਰ ਸਿੰਘ
ਨਿਊਜ਼ ਪੰਜਾਬ
ਚੰਡੀਗੜ੍ਹ, 3 ਫਰਵਰੀ:
ਕਿਸਾਨਾਂ ਦੇ ਮੁੱਦੇ ‘ਤੇ ਬੀਤੇ ਦਿਨ ਸਰਬ ਪਾਰਟੀ ਮੀਟਿੰਗ ਵਿਚੋਂ ਵਾਕ-ਆਊਟ ਕਰ ਜਾਣ ਨਾਲ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਮੁੜ ਬੇਪਰਦ ਹੋ ਜਾਣ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀ ਪਾਰਟੀ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਜਿਸ ਦਾ ਮੁਖੀ ਆਨ ਰਿਕਾਰਡ ਖੇਤੀ ਕਾਨੂੰਨਾਂ ਨੂੰ 70 ਸਾਲਾਂ ਵਿਚ ਖੇਤੀਬਾੜੀ ਖੇਤਰ ਸਭ ਤੋਂ ਕ੍ਰਾਂਤੀਕਾਰ ਕਦਮ ਦੱਸ ਚੁੱਕਾ ਹੋਵੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿਚੋਂ ਵਾਕ ਆਊਟ ਕਰ ਜਾਣ ਨਾਲ ਨਾ ਸਿਰਫ਼ ਇਸ ਪਾਰਟੀ ਦਾ ਅਸਲ ਕਿਰਦਾਰ ਸਾਹਮਣੇ ਆਇਆ, ਸਗੋਂ ਅਰਵਿੰਦ ਕੇਜਰੀਵਾਲ ਦੀ ਵੀਡੀਓ ਨੇ ਆਪ ਆਗੂਆਂ ਦੇ ਝੂਠ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ। ਇਸ ਵੀਡੀਓ ਵਿਚ ਇਕ ਮੀਡੀਆ ਇੰਟਰਵਿਊ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਦੇ ਹੋਏ ਦਿਸ ਰਹੇ ਹਨ। ਇਸ ਵੀਡੀਓ ਨਾਲ ਛੇੜਛਾੜ ਹੋਣ ਦੇ ਕੀਤੇ ਜਾ ਰਹੇ ਆਪ ਦੇ ਦਾਅਵੇ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਵਲੋਂ ਸਮੇਂ-ਸਮੇਂ ਉੱਤੇ ਪਲਟੀ ਮਾਰਨ ਦੇ ਟਰੈਕ ਰਿਕਾਰਡ ਨਾਲ ਇਸ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਕਿਸਾਨਾਂ ਪ੍ਰਤੀ ਕਿੰਨੀ ਕੁ ਹਮਦਰਦ ਹੈ। ਉਹਨਾਂ ਕਿਹਾ ਕਿ ”ਬੀਤੇ ਦਿਨ ਵਾਕ-ਆਊਟ ਕਰਨ ਤੋਂ ਇਲਾਵਾ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਸਬੰਧੀ ਨਿਰੰਤਰ ਨੌਟੰਕੀਬਾਜ਼ੀਆਂ ਕਰਨ ਤੋਂ ਬਾਅਦ ਉਹਨਾ ਉਪਰ ਕੋਈ ਕਿਵੇਂ ਵਿਸ਼ਵਾਸ਼ ਕਰ ਸਕਦਾ ਹੈ।” ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਇਹ ਪਹਿਲੀ ਵਾਰ ਨਹੀਂ ਹੈ ਕਿ ਆਪ ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ।
26 ਜਨਵਰੀ ਨੂੰ ਹਿੰਸਾ ਦੌਰਾਨ ਲਾਲਾ ਕਿਲ੍ਹੇ ਵਿਖੇ ਆਪ ਦੇ ਪੰਜਾਬ ਦੇ ਮੈਂਬਰ ਅਮਰੀਕ ਮਿੱਕੀ ਦੀ ਮੌਜੂਦਗੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਅਸਥਿਰ ਅਤੇ ਸਾਬੋਤਾਜ ਕਰਨ ਦੀ ਸ਼ਾਜਿਸ਼ ਵਿਚ ਇਸ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨਾਲ ਗੰਢਤੁੱਪ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਪਿਛਲੇ ਇਹਨਾਂ ਮਹੀਨਿਆਂ ਦੌਰਾਨ ਕਿਸਾਨਾਂ ਦੀ ਮਦਦ ਲਈ ਉਹਨਾਂ ਨੇ ਕੀਤਾ ਕੀ ਹੈ?” ਉਹਨਾਂ ਅੱਗੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਆਪ ਦੀਆਂ ਕਾਰਵਾਈਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹਨਾਂ ਨੂੰ ਕਿਸਾਨਾਂ ਨਾਲ ਨਹੀਂ ਸਗੋਂ ਭਾਜਪਾ ਅਤੇ ਉਹਨਾਂ ਦੀ ਸਰਮਾਏਦਾਰ ਜੁੰਡਲੀ ਨਾਲ ਹਮਦਰਦੀ ਹੈ। ਮੁੱਖ ਮੰਤਰੀ ਨੇ ਕਿਹਾ, ” ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਨਵੰਬਰ ਮਹੀਨੇ ‘ਚ ਕਾਲੇ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਨੂੰ ਲਾਗੂ ਕਰਨ ਲਈ ਨੋਟੀਫਾਈ ਕਿਉਂ ਕੀਤਾ? ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਬਜਾਏ ਕੌਮੀ ਰਾਜਧਾਨੀ ਦੀਆਂ ਸੜਕਾਂ ਪੁੱਟਣ ਅਤੇ ਕਿਸਾਨਾਂ ਦੇ ਅੰਦੋਲਨ ਵਾਲੀਆ ਥਾਵਾਂ ਦੀ ਕਿਲ੍ਹੇ ਵਾਂਗ ਘੇਰਾਬੰਦੀ ਕਰਨ ਦੀ ਇਜ਼ਾਜਤ ਕਿਉਂ ਦਿੱਤੀ ਜਦਕਿ ਸ਼ਹਿਰ ਦੀਆਂ ਸੜਕਾਂ ਕੇਂਦਰ ਸਰਕਾਰ ਕੰਟਰੋਲ ਵਿਚ ਨਾ ਹੋ ਕੇ ਦਿੱਲੀ ਸਰਕਾਰ ਦੇ ਕੰਟਰੋਲ ਹੇਠ ਹਨ।”
ਉਨ੍ਹਾਂ ਕਿਹਾ “ਇਹ ਬੜੀ ਹਾਸੋਹੀਣੀ ਗੱਲ ਹੈ ਕਿ ਉਹ ਪਾਰਟੀ ਜਿਹੜੀ ਦਿੱਲੀ ਦੀ ਸੱਤਾ ਵਿਚ ਹੋਣ ਦੇ ਬਾਵਜੂਦ ਆਪਣੀ ਜਾਇਦਾਦ ਦੀ ਕੋਈ ਰਾਖੀ ਨਹੀਂ ਕਰ ਸਕੀ, ਉਹ ਕਿਸਾਨ ਪੱਖੀ ਮੀਟਿੰਗ ਵਿਚੋਂ ਇਸ ਗੱਲ ‘ਤੇ ਵਾਕ ਆਊਟ ਕਰ ਗਈ ਕਿ ਸਾਡੀ ਪੁਲਿਸ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਦੇ ਸੂਬੇ ਵਿਚ ਭੇਜੀ ਜਾਵੇ।” ਉਨ੍ਹਾਂ ਕਿਹਾ ਕਿ ਇਹ ਜ਼ਾਹਰ ਹੈ ਕਿ ਆਪ ਨੇ ਦਿੱਲੀ ਸਰਹੱਦ ‘ਤੇ ਪੁਲਿਸ ਤਾਇਨਾਤ ਕਰਨ ਦਾ ਇਹ ਸਾਰਾ ਡਰਾਮਾ ਸਿਰਫ ਇਸ ਲਈ ਰਚਿਆ ਹੈ ਤਾਂ ਜੋ ਆਮ ਆਦਮੀ ਪਾਰਟੀ ਦੀਆਂ ਆਪਣੀਆਂ ਨਾਕਾਮੀਆਂ ਅਤੇ ਕੁਝ ਦਿਨ ਪਹਿਲਾਂ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ ਵਿਚ ਨਿਭਾਈ ਭੂਮਿਕਾ ਤੋਂ ਧਿਆਨ ਭਟਕਾਇਆ ਜਾ ਸਕੇ।
ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦਿੱਲੀ ਸਰਕਾਰ ਨੇ ਹਿਰਾਸਤ ਵਿਚ ਲਏ ਕਿਸਾਨਾਂ ਦੀ ਸੂਚੀ ਜਾਰੀ ਕਰਨ ਵਿਚ ਇਕ ਹਫਤੇ ਤੋਂ ਵੀ ਵੱਧ ਦਾ ਸਮਾਂ ਲਗਾ ਦਿੱਤਾ ਜੋ ਕਿ ਤਿਹਾੜ ਜੇਲ੍ਹ ਵਿਚ ਬੰਦ ਹਨ, ਜਿਹੜੀ ਕਿ ਉਨ੍ਹਾਂ ਦੇ ਆਪਣੇ ਕੰਟਰੋਲ ਵਿਚ ਹੈ। ਉਨ੍ਹਾਂ ਕਿਹਾ “ਤੁਸੀਂ ਹਾਲੇ ਵੀ ਇਹ ਦਾਅਵਾ ਕਰ ਰਹੇ ਹੋ ਕਿ ਤੁਹਾਨੂੰ ਕਿਸਾਨਾਂ ਦੀ ਚਿੰਤਾ ਹੈ ਅਤੇ ਤੁਸੀਂ ਉਨ੍ਹਾਂ ਦੀ ਦੇਖਭਾਲ ਕਰ ਰਹੇ ਹੋ।”