ਪੂਰੇ ਭਾਰਤ ਵਿੱਚ ਅੱਜ ਤੋਂ ਸ਼ੁਰੂ ਹੋਵੇਗਾ ਕੋਵਿਡ-19 ਟੀਕਾਕਰਨ
ਨਵੀਂ ਦਿੱਲੀ, 16 ਜਨਵਰੀ
ਭਾਰਤ ਵਿਚ ਅੱਜ ਤੋਂ ਕੋਵਿਡ-19 ਟੀਕਾਕਰਨ ਸ਼ੁਰੂ ਹੋ ਜਾਵੇਗਾ। ਸਿਹਤ ਮੰਤਰੀ ਹਰਸ਼ ਵਰਧਨ ਨੇ ਇਸ ਨੂੰ ਕਰੋਨਾਵਾਇਰਸ ਦੇ ਖ਼ਾਤਮੇ ਦੀ ਸ਼ੁਰੂਆਤ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਵੀਡੀਓ ਕਾਨਫਰੰਸ ਰਾਹੀਂ ਲਾਂਚ ਕਰਨਗੇ। ਇਹ ਟੀਕਾਕਰਨ ਮੁਹਿੰਮ ਵਿਸ਼ਵ ਵਿਚ ਸਭ ਤੋਂ ਵੱਡੀ ਹੋਵੇਗੀ। ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੂਰੇ ਮੁਲਕ ਦੀਆਂ 3006 ਸੈਸ਼ਨ ਸਾਈਟਾਂ ਲਾਂਚ ਪ੍ਰੋਗਰਾਮ ਮੌਕੇ ਆਨਲਾਈਨ ਜੁੜਨਗੀਆਂ ਤੇ ਹਰੇਕ ਜਗ੍ਹਾ ਪਹਿਲੇ ਦਿਨ ਕਰੀਬ 100 ਜਣਿਆਂ ਦੇ ਟੀਕੇ ਲਾਏ ਜਾਣਗੇ। ਜ਼ਿਕਰਯੋਗ ਹੈ ਕਿ ਟੀਕਾਕਰਨ ਲਈ ਪਹਿਲਾਂ ਸਿਹਤ ਕਾਮਿਆਂ (ਸਰਕਾਰੀ ਤੇ ਪ੍ਰਾਈਵੇਟ ਖੇਤਰ) ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਦੋ ਵੈਕਸੀਨਾਂ ਦੀ ਹੰਗਾਮੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿਚ ਆਕਸਫੋਰਡ ਵੱਲੋਂ ਵਿਕਸਤ ‘ਕੋਵੀਸ਼ੀਲਡ’ ਜਿਸ ਦਾ ਉਤਪਾਦਨ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ, ਸ਼ਾਮਲ ਹੈ। ਦੂਜਾ ਟੀਕਾ ‘ਕੋਵੈਕਸੀਨ’ ਭਾਰਤ ਬਾਇਓਟੈੱਕ ਨੇ ਵਿਕਸਿਤ ਕੀਤਾ ਹੈ।