ਪਰਵਾਸੀ ਭਾਰਤੀਆਂ ਨੂੰ ਪੰਜਾਬ ’ਚ ਨਿਵੇਸ਼ ਲਈ ਉਤਸ਼ਾਹਤ ਕਰਨ ਹਿੱਤ ਉੱਚ ਤਾਕਤੀ ਨਿਵੇਸ਼ ਕਮੇਟੀ ਕਾਇਮ

ਕਮੇਟੀ ਪਰਵਾਸੀ ਭਾਰਤੀ ਮਾਮਲੇ ਵਿਭਾਗ ਅਤੇ ਇਨਵੈਸਟ ਪੰਜਾਬ ਦੀ ਸੰਯੁਕਤ ਕਮੇਟੀ ਵਜੋਂ ਕੰਮ ਕਰੇਗੀ: ਰਾਣਾ ਸੋਢੀ

ਚੰਡੀਗੜ੍ਹ, 12 ਜਨਵਰੀ:

        ਪੰਜਾਬ ਸਰਕਾਰ ਨੇ ਪਰਵਾਸੀ ਭਾਰਤੀਆਂ ਨੂੰ ਸੂਬੇ ਵਿੱਚ ਨਿਵੇਸ਼ ਲਈ ਉਤਸ਼ਾਹਤ ਕਰਨ ਹਿੱਤ ‘ਪੰਜਾਬ ਉੱਚ ਤਾਕਤੀ ਨਿਵੇਸ਼ ਕਮੇਟੀ’ ਦਾ ਗਠਨ ਕੀਤਾ ਹੈ। ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਇਹ ਕਮੇਟੀ ਗਠਤ ਕਰਨ ਦਾ ਫ਼ੈਸਲਾ ਲਿਆ ਗਿਆ।

        ਰਾਣਾ ਸੋਢੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਸਨਅਤੀ ਅਤੇ ਹੋਰ ਖੇਤਰਾਂ ਵਿੱਚ ਨਿਵੇਸ਼ ਲਈ ਪਰਵਾਸੀ ਭਾਰਤੀਆਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਲਈ ਨਿਵੇਸ਼ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਕਮੇਟੀ ਕਾਇਮ ਕਰਨ ਦਾ ਸੁਝਾਅ ਦਿੱਤਾ ਗਿਆ ਸੀ, ਜਿਸ ਪਿੱਛੋਂ ਇਹ ਫ਼ੈਸਲਾ ਲਿਆ ਗਿਆ।

        ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਪ੍ਰਮੁੱਖ ਪਰਵਾਸੀ ਭਾਰਤੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸੂਬੇ ਵਿੱਚ ਨਿਵੇਸ਼ ਲਈ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ’ਤੇ ਅਜਿਹੀ ਫ਼ੋਰਮ ਜਾਂ ਕਮੇਟੀ ਸਥਾਪਤ ਕੀਤੀ ਜਾਵੇ, ਜੋ ਸਰਕਾਰ ਅਤੇ ਪਰਵਾਸੀ ਭਾਰਤੀਆਂ ਵਿਚਾਲੇ ਕੜੀ ਦਾ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਕਮੇਟੀ ਪਰਵਾਸੀ ਭਾਰਤੀ ਮਾਮਲੇ ਵਿਭਾਗ ਅਤੇ ਇਨਵੈਸਟ ਪੰਜਾਬ ਦੀ ਸੰਯੁਕਤ ਕਮੇਟੀ ਵਜੋਂ ਕੰਮ ਕਰੇਗੀ।

        ਰਾਣਾ ਸੋਢੀ ਨੇ ਦੱਸਿਆ ਕਿ ਪਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਕਿਰਪਾ ਸ਼ੰਕਰ ਸਰੋਜ ਕਮੇਟੀ ਦੇ ਚੇਅਰਮੈਨ ਹੋਣਗੇ, ਜਦਕਿ ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਨੂੰ ਵਾਈਸ ਚੇਅਰਮੈਨ ਅਤੇ ਪਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਡੀ.ਪੀ.ਐਸ. ਖਰਬੰਦਾ ਨੂੰ ਮੈਂਬਰ ਸਕੱਤਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਵਿੱਚ ਇਨਵੈਸਟ ਪੰੰਜਾਬ ਦੇ ਵਧੀਕ ਸੀ.ਈ.ਓ., ਇਨਵੈਸਟ ਪੰਜਾਬ ਦੇ ਸੰਯੁਕਤ ਡਾਇਰੈਕਟਰ ਆਈ.ਟੀ. ਸ੍ਰੀ ਦੀਪਇੰਦਰ ਸਿੰਘ ਢਿੱਲੋਂ, ਆਨਰੇਰੀ ਕੋਆਰਡੀਨੇਟਰ (ਯੂ.ਕੇ.) ਸ੍ਰੀ ਮਨਜੀਤ ਸਿੰਘ ਨਿੱਝਰ, ਆਨਰੇਰੀ ਕੋਆਰਡੀਨੇਟਰ (ਆਸਟਰੇਲੀਆ) ਸ੍ਰੀ ਕਰਨ ਰੰਧਾਵਾ, ਆਨਰੇਰੀ ਕੋਆਰਡੀਨੇਟਰ (ਯੂ.ਐਸ.ਏ.) ਸ੍ਰੀਮਤੀ ਮੀਨਾ ਢੇਸੀ ਸੰਗੇੜਾ, ਸ੍ਰੀ ਹਰਨੀਕ ਸਿੰਘ (ਯੂ.ਏ.ਈ.) ਸ਼ਾਮਲ ਹੋਣਗੇ ਜਦਕਿ ਬਾਕੀ ਦੇਸ਼ਾਂ ਦੇ ਆਨਰੇਰੀ ਕੋਆਰਡੀਨੇਟਰ ਕਮੇਟੀ ਦੇ ਗ਼ੈਰ ਸਰਕਾਰੀ ਮੈਂਬਰ ਹੋਣਗੇ।

        ਮੰਤਰੀ ਨੇ ਦੱਸਿਆ ਕਿ ਉੱਚ ਤਾਕਤੀ ਨਿਵੇਸ਼ ਕਮੇਟੀ ਵਿੱਚ ਸ਼ਾਮਲ ਆਨਰੇਰੀ ਕੋਆਰਡੀਨੇਟਰ ਆਪਣੇ-ਆਪਣੇ ਦੇਸ਼ਾਂ ਵਿੱਚੋਂ ਵੱਧ ਤੋਂ ਵੱਧ ਲੋਕਾਂ/ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੇ ਅਤੇ ਇਨਵੈਸਟ ਪੰਜਾਬ ਦੀ ਟੀਮ ਅਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਿਨਵੇਸ਼ ਨੂੰ ਉਤਸ਼ਾਹਤ ਕਰਨ ਲਈ ਨਿਰੰਤਰ ਕੰਮ ਕਰਨਗੇ।