ਸਾਰੀਆਂ ਪ੍ਰਮੁੱਖ ਮਾਰਕੀਟਾਂ ਵਿੱਚ ਮਸ਼ੀਨਾਂ ਰਾਹੀਂ ਸਫਾਈ ਸੁਵਿਧਾ ਕਰਵਾਈ ਜਾਵੇਗੀ ਜਲਦ ਮੁਹੱਈਆ – ਭਾਰਤ ਭੂਸ਼ਣ ਆਸ਼ੂ
ਨਿਊਜ਼ ਪੰਜਾਬ
ਲੁਧਿਆਣਾ, 07 ਜਨਵਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਸਨੀਕਾਂ ਦੀ ਭਲਾਈ ਲਈ ਅਤੇ ਉਨ੍ਹਾਂ ਨੂੰ ਉੱਤਮ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਲਦ ਹੀ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਮਾਰਕੀਟਾਂ ਵਿੱਚ ਵੱਡੀ ਪੱਧਰ ‘ਤੇ ਸਫਾਈ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ, ਜਲਦ ਹੀ ਮਸ਼ੀਨਾਂ ਰਾਹੀਂ ਸ਼ਹੀਦ ਭਗਤ ਸਿੰਘ ਨਗਰ, ਰਿਸ਼ੀ ਨਗਰ, ਰਾਜਗੁਰੂ ਨਗਰ, ਸੰਤ ਈਸ਼ਰ ਸਿੰਘ ਨਗਰ ਦੇ ਨਾਲ-ਨਾਲ ਸ਼ਹਿਰ ਦੇ ਕਈ ਹੋਰ ਇਲਾਕਿਆਂ ਦੀ ਸਫਾਈ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸ੍ਰੀ ਆਸ਼ੂ ਨੇ ਦੱਸਿਆ ਕਿ ਸਰਾਭਾ ਨਗਰ ਮਾਰਕੀਟ ਨੂੰ ਇੱਕ ਸਮਾਰਟ ਮਾਰਕੀਟ ਵਜੋਂ ਵਿਕਸਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਾਭਾ ਨਗਰ ਮਾਰਕੀਟ ਦੀਆਂ ਬਿਜਲੀ ਦੀਆਂ ਤਾਰਾਂ ਭੂਮੀਗਤ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਇੱਕ ਮਾਡਰਨ ਦਿੱਖ ਵੇਖਣ ਨੂੰ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਅਜਿਹੀ ਹੀ ਇਕ ਮਸ਼ੀਨ ਦਾ ਪ੍ਰਦਰਸ਼ਨ ਸਰਾਭਾ ਨਗਰ ਮਾਰਕੀਟ ਵਿਖੇ ਕੀਤਾ ਗਿਆ। ਇਸ ਮੌਕੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਨਿਗਮ ਕੌਂਸਲਰ ਸ੍ਰੀ ਸੰਨੀ ਭੱਲਾ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਇਲਟ ਪ੍ਰਾਜੈਕਟ ਵਜੋਂ ਸ਼ਹਿਰ ਦੇ ਕਈ ਹੋਰ ਇਲਾਕਿਆਂ ਤੋਂ ਇਲਾਵਾ ਰਿਸ਼ੀ ਨਗਰ, ਸ਼ਹੀਦ ਭਗਤ ਸਿੰਘ ਨਗਰ, ਰਾਜਗੁਰੂ ਨਗਰ, ਸੰਤ ਈਸ਼ਰ ਸਿੰਘ ਨਗਰ, ਵਿੱਚ ਵੀ ਮਸ਼ੀਨੀ ਤੌਰ ‘ਤੇ ਸਫਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਾਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਉਹ ਖੁਦ ਕਰਨਗੇ ਅਤੇ ਕਿਸੇ ਵੀ ਖਾਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮਸ਼ੀਨਾਂ ਰਾਹੀਂ ਸਫਾਈ ਸ਼ੁਰੂ ਕਰਨ ਪਿੱਛੇ ਮੁੱਖ ਵਿਚਾਰ ਵਸਨੀਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਉੱਤਮ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ, ਜਿਵੇਂ ਕਿ ਸਿੱਧਵਾਂ ਨਹਿਰ ਵਾਟਰਫਰੰਟ ਪ੍ਰਾਜੈਕਟ, ਜੈਨਪੁਰ ਵਿਖੇ ਆਗਾਮੀ ਸਪੋਰਟਸ ਪਾਰਕ, ਸਾਰੀਆਂ ਮੌਜੂਦਾ ਖੇਡ ਸਹੂਲਤਾਂ ਦਾ ਨਵੀਨੀਕਰਨ, ਕਈ ਸੜਕਾਂ ਨੂੰ ਸਮਾਰਟ ਸੜਕਾਂ ਵਿੱਚ ਵਿਕਸਤ ਕਰਨ, ਠੋਸ ਰਹਿੰਦ-ਖੂੰਹਦ ਦੇ ਵਧੀਆ ਪ੍ਰਬੰਧਨ ਲਈ ਸਥਿਰ ਕੰਪੈਕਟਰਾਂ ਦੀ ਸਥਾਪਨਾ ਕਰਨਾ ਸ਼ਾਮਲ ਹਨ।