ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਈ-ਦਾਖ਼ਲ ਪੋਰਟਲ ਅਤੇ ਹੋਰ ਭਲਾਈ ਸਕੀਮਾਂ ਦੀ ਲੁਧਿਆਣਾ ਤੋਂ ਕੀਤੀ ਸ਼ੁਰੂਆਤ
ਨਿਊਜ਼ ਪੰਜਾਬ
ਲੁਧਿਆਣਾ, 07 ਜਨਵਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਸਨੀਕਾਂ ਲਈ ਈ-ਦਾਖ਼ਲ ਪੋਰਟਲ ਅਤੇ ਹੋਰ ਕਈ ਭਲਾਈ ਸਕੀਮਾਂ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ।
ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ, ਇਸੇ ਸਮਾਰੋਹ ਵਿੱਚ ਨੌਜਵਾਨਾਂ ਲਈ 2500 ਸਪੋਰਟਸ ਕਿੱਟਾਂ ਦੀ ਵੰਡ ਵੀ ਅਰੰਭ ਕੀਤੀ।
ਇਸ ਮੌਕੇ ਵਿਧਾਇਕ ਸ੍ਰੀ ਸੁਰਿੰਦਰ ਡਾਵਰ ਅਤੇ ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਸ.ਅਮਰਜੀਤ ਸਿੰਘ ਟਿੱਕਾ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ, ਨਿਗਮ ਕੌਂਸਲਰਾਂ ਵਿੱਚ ਸ੍ਰੀ ਸੰਨੀ ਭੱਲਾ ਅਤੇ ਸ੍ਰੀ ਹਰਕਰਨ ਸਿੰਘ ਵੈਦ, ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਪੰਜਾਬ ਯੂਥ ਵਿਕਾਸ ਬੋਰਡ ਦੇ ਉਪ-ਚੇਅਰਮੈਨ ਸ੍ਰੀ ਵਿਕਰਮ ਕੰਬੋਜ, ਸ੍ਰੀ ਨਿਤਿਨ ਟੰਡਨ, ਸ੍ਰੀ ਐਸ.ਬੀ. ਪਾਂਧੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਨਵਾਂ ਈ-ਦਾਖ਼ਲ ਪੋਰਟਲ ਖਪਤਕਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਲਈ ਸਹਾਈ ਸਿੱਧ ਹੋਵੇਗਾ। ਉਨ੍ਹਾਂ ਪੋਰਟਲ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਖ਼ਪਤਾਕਾਰਾਂ ਨੂੰ ਵਪਾਰੀਆਂ ਦੇ ਹੱਥੋਂ ਸ਼ੋਸ਼ਣ ਤੋਂ ਬਚਾਉਣ ਲਈ ਇਕ ਪ੍ਰਭਾਵਸ਼ਾਲੀ ਵਿਧੀ ਮੁਹੱਈਆ ਕਰਵਾਏਗਾ ਅਤੇ ਖਪਤਕਾਰਾਂ ਨੂੰ ਖ਼ਪਤਕਾਰ ਅਦਾਲਤ ਵਿਚ ਪਹੁੰਚ ਕਰਨ ਲਈ ਵੀ ਮੱਦਦ ਕਰੇਗਾ। ਨਵੇਂ ਖਪਤਕਾਰ ਸੁਰੱਖਿਆ ਐਕਟ 2019 ਦੇ ਤਹਿਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਈ-ਫਾਇਲਿੰਗ ਦੇ ਯੋਗ ਬਣਾਉਣ ਲਈ ਬਣਾਇਆ ਗਿਆ ਹੈ, ਜੋ ਕਿ ਖਪਤਕਾਰ ਝਗੜੇ ਨਿਵਾਰਣ ਕਮਿਸ਼ਨ ਨੂੰ ਇਲੈਕਟ੍ਰਾਨਿਕ ਤੌਰ ‘ਤੇ ਖਪਤਕਾਰਾਂ ਦੇ ਝਗੜੇ ਨੂੰ ਭਰਨ ਵਿੱਚ ਸਹਾਈ ਹੋਵੇਗਾ, ਪੋਰਟਲ ਨਾਗਰਿਕਾਂ/ਵਕੀਲਾਂ ਦੁਆਰਾ ਸ਼ਿਕਾਇਤਾਂ ਨੂੰ ਆਨਲਾਈਨ ਭਰਨ ਦੀ ਸਹੂਲਤ ਵੀ ਦੇਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਅਨੌਖਾ ਆਨਲਾਈਨ ਪਲੇਟਫਾਰਮ ਉਪਭੋਗਤਾ ਨੂੰ ਤਾਕਤ ਦੇਵੇਗਾ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸਦੇ ਨਾਲ, ਨਿਰਮਾਤਾ ਨੂੰ ਹੁਣ ਨਵੇਂ ਖਪਤਕਾਰ ਸੁਰੱਖਿਆ ਐਕਟ, 2019 ਦੇ ਤਹਿਤ ਵੇਚਣ ਵਾਲੇ ਦੇ ਨਾਲ ਖਰਾਬ ਚੀਜ਼ਾਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ 2500 ਸਪੋਰਟਸ ਕਿੱਟਾਂ, ਵਿਸ਼ੇਸ਼ ਤੌਰ ‘ਤੇ ਲੁਧਿਆਣਾ ਇੰਡਸਟਰੀ ਦੇ ਭਾਈਚਾਰੇ ਦੀ ਭਾਗੀਦਾਰੀ ਰਾਹੀਂ ਸੂਬੇ ਵਿੱਚ ਸਿਹਤ ਜਾਗਰੂਕਤਾ ਅਤੇ ਖੇਡ ਸਭਿਆਚਾਰ ਨੂੰ ਉਤਸ਼ਾਹਤ ਕਰਨ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਪ੍ਰੇਰਿਤ ਕਰਨਗੀਆਂ ਅਤੇ ਇਸ ਤਰ੍ਹਾਂ ਸੂਬੇ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਖੇਡਾਂ ਦੇ ਖੇਤਰ ਵਿਚ ਆਪਣੀ ਗੁਆਚੀ ਸ਼ਾਨ ਦੁਬਾਰਾ ਹਾਸਲ ਕਰਨ ਦੇ ਯੋਗ ਬਣਾਏਗਾ। ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੀ ਪਹਿਲਕਦਮੀ ਨਾਲ ਨੌਜਵਾਨਾਂ, ਖਾਸ ਕਰਕੇ ਪੇਂਡੂ ਖੇਤਰ ਦੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਵਿੱਚ ਮਦਦ ਮਿਲੇਗੀ ਕਿਉਂਕਿ ਉਨ੍ਹਾਂ ਕੋਲ ਖੇਡਾਂ ਦੇ ਖੇਤਰ ਵਿੱਚ ਉੱਨਤ ਹੋਣ ਲਈ ਬਹੁਤ ਘੱਟ ਸਰੋਤ ਹਨ। ਇਸ ਮੌਕੇ ਜ਼ਿਲ੍ਹੇ ਦੇ 5 ਯੂਥ ਕਲੱਬਾਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮੰਤਰੀ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ‘ਬਸੇਰਾ’ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ, ਜਿਸ ਤਹਿਤ ਰਾਜ ਦੇ ਤਕਰੀਬਨ 1 ਲੱਖ ਝੁੱਗੀ ਝੌਂਪੜੀਆਂ ਦੇ ਨਿਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ‘ਦ ਪੰਜਾਬ ਸਲੱਮ ਡਵੈਲਰਜ਼(ਪ੍ਰੋਪਰਾਈਟਰੀ ਰਾਈਟਸ) ਐਕਟ 2020 ਅਧੀਨ 13 ਸਲੱਮ ਬਸਤੀਆਂ ਦੀ ਪਛਾਣ ਕੀਤੀ ਹੈ, ਜੋ ਕਿ ਸਰਕਾਰੀ ਜ਼ਮੀਨ ‘ਤੇ ਕਾਬਜ਼ ਹਨ।
ਇਸ ਪਹਿਲਕਦਮੀ ਨੂੰ ਸ਼ਹਿਰੀ ਵਿਕਾਸ ਅਤੇ ਸੂਬਾ ਸਰਕਾਰ ਦੀ ਯੋਜਨਾਬੰਦੀ ਲਈ ਇਕ ਮੀਲ ਪੱਥਰ ਦੱਸਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਰਾਜਨੀਤਿਕ ਜੀਵਨ ਦੇ ਪਿਛਲੇ 52 ਸਾਲਾਂ ਤੋਂ ਇਸ ਸੁਪਨੇ ਨੂੰ ਪਾਲ ਰਹੇ ਸਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਸਵੱਛ ਜੀਵਨ ਜਿਉਣ ਲਈ ਝੁੱਗੀ ਝੌਂਪੜੀ ਵਾਲਿਆਂ ਨੂੰ ਪੀਣ ਯੋਗ ਪਾਣੀ, ਸਟਰੀਟ ਲਾਈਟਿੰਗ ਅਤੇ ਸੜਕਾਂ ਸਣੇ ਬੁਨਿਆਦੀ ਨਾਗਰਿਕ ਸਹੂਲਤਾਂ ਪ੍ਰਦਾਨ ਕਰੇਗਾ।
ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਵੀ ਕੀਤਾ ਕਿਉਂਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਮੁੱਖ ਮੰਤਰੀ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ‘ਬਸੇਰਾ’ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ‘ਦ ਪੰਜਾਬ ਸਲੱਮ ਡਵੈਲਰਜ਼ (ਪ੍ਰੋਪਰਾਈਟਰੀ ਰਾਈਟਸ) ਐਕਟ, 2020 ਦੇ ਨੋਟੀਫਿਕੇਸ਼ਨ ਦੀ ਮਿਤੀ ਭਾਵ 1 ਅਪ੍ਰੈਲ, 2020 ਤੋਂ ਕਿਸੇ ਵੀ ਸ਼ਹਿਰੀ ਖੇਤਰ ਦੇ ਕਿਸੇ ਵੀ ਝੁੱਗੀ ਝੌਂਪੜੀ ਵਾਲੇ ਇਲਾਕੇ ਵਿਚ ਸੂਬਾ ਸਰਕਾਰ ਦੀ ਜ਼ਮੀਨ ‘ਤੇ ਕਾਬਜ਼ ਹਰੇਕ ਨਿਵਾਸੀ ਨੂੰ ਮਾਲਕਾਨਾ ਹੱਕ ਦਿੱਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਵਿਸ਼ੇਸ਼ ਯੋਜਨਾ ਤਹਿਤ, ਲੋਹੜੀ ਦੇ ਤਿਉਂਹਾਰ ਮੌਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਰ ਦਿਨ ਲੜੀਵਾਰ ਸਮਾਗਮ ਕਰਵਾਏ ਜਾਣਗੇ, ਜਿਸ ਵਿੱਚ ਮੁੱਖ ਮੰਤਰੀ ਵੱਲੋਂ ਲਿਖੇ ਗਏ ਵਧਾਈ ਪੱਤਰਾਂ ਅਤੇ ਦਸਤਖਤਾਂ ਨੂੰ 1.5 ਲੱਖ ਤੋਂ ਵੱਧ ਮਾਪਿਆਂ ਨੂੰ ਸੌਂਪਿਆ ਜਾਵੇਗਾ ਜੋ ਆਪਣੀ ਲੜਕੀ ਦੀ ਪਹਿਲੀ ਲੋਹੜੀ ਮਨਾ ਰਹੇ ਹਨ।
ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਜ੍ਹਿਨ੍ਹਾਂ ਵੱਲੋਂ ਹਾਈ ਸਕੂਲ ਅਤੇ ਕਾਲਜਾਂ ਦੀਆਂ ਸਾਰੀਆਂ ਵਿਦਿਆਰਥਣਾਂ ਤੋਂ ਇਲਾਵਾ ਪੇਂਡੂ ਖੇਤਰਾਂ, ਖਾਸ ਕਰਕੇ ਸੂਬੇ ਭਰ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੀਆਂ ਲੜਕੀਆਂ ਨੂੰ ਨੂੰ ਮੁਫਤ ਸੈਨੇਟਰੀ ਪੈਡ ਦੇਣ ਦਾ ਐਲਾਨ ਕੀਤਾ। ਇਸ ਕਦਮ ‘ਤੇ ਮੁੱਖ ਮੰਤਰੀ ਦਾ ਸੁ਼ਕਰਾਨਾਂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਇਨ੍ਹਾਂ ਲੜਕੀਆਂ ਵਿਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰੇਗਾ।
75.64 ਕਰੋੜ ਦੀ ਲਾਗਤ ਵਾਲੇ 3-ਫੇਸ ਸਮਾਰਟ ਮੀਟਰਿੰਗ ਪ੍ਰਾਜੈਕਟ ਦੀ ਸੁਰੂਆਤ ਸਬੰਧੀ ਉਨ੍ਹਾਂ ਕਿਹਾ ਕਿ ਉਪਭੋਗਤਾ-ਅਨੁਕੂਲ ਯੋਜਨਾ ਡੇਟਾ ਨੂੰ ਆਟੋਮੈਟਿਕ ਅਪਲੋਡ ਕਰਨ ਨਾਲ ਮੈਨੂਅਲ ਰੀਡਿੰਗ ਵਿਚ ਮਨੁੱਖੀ ਗਲਤੀ ਨੂੰ ਘਟਾਉਣ ਵਿਚ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜਨਵਰੀ 2021 ਤੋਂ ਲੈ ਕੇ ਦਸੰਬਰ 2021 ਤੱਕ, ਪੀ.ਐਸ.ਪੀ.ਸੀ.ਐਲ. ਵੱਲ਼ੋ ਸੂਬੇ ਵਿੱਚ ਕੁੱਲ 96,000 ਮੀਟਰ ਲਗਾਏ ਜਾਣਗੇ ਜਿਸ ਨਾਲ ਮੀਟਰਾਂ ਦੀ ਰੀਡੀਂਗ ਨਾਲ ਛੇੜ-ਛਾੜ ਤੋਂ ਇਲਾਵਾ ਬਿਜਲੀ ਦੀ ਚੋਰੀ ਵੀ ਘਟੇਗੀ।
ਇਹ ਮੀਟਰ ਖਪਤਕਾਰਾਂ ਨੂੰ ਬਿਜਲੀ ਦੀ ਖਪਤ ਨੂੰ ਬਰਕਰਾਰ ਰੱਖਣ ਅਤੇ ਨਿਯਮਿਤ ਕਰਨ ਤੋਂ ਇਲਾਵਾ, ਤੁਰੰਤ ਤਤਕਾਲ/ਲਾਈਵ ਡੇਟਾ ਦੇ ਨਾਲ ਨਾਲ ਆਖਰੀ ਬਿੱਲ ਡੇਟਾ ਨੂੰ ਪੀ.ਐਸ.ਪੀ.ਸੀ.ਐਲ. ਉਪਭੋਗਤਾ ਐਪ ਰਾਹੀਂ ਵੇਖ ਸਕਣਗੇ। ਉਨ੍ਹਾਂ ਕੋਲ ਪ੍ਰੀਪੇਡ ਜਾਂ ਪੋਸਟਪੇਡ ਲਈ ਮੀਟਰ ਬਦਲਣ ਦਾ ਵਿਕਲਪ ਵੀ ਹੋਵੇਗਾ। ਟੈਰਿਫ ਵਿਚ ਛੋਟ ਪ੍ਰੀਪੇਡ ਵਿਕਲਪ ਅਧੀਨ ਖਪਤਕਾਰਾਂ ਲਈ ਮੰਨਣਯੋਗ ਹੈ ਅਤੇ ਉਸੇ ਮੀਟਰ ਨੂੰ ਸੋਲਰ ਨੈੱਟ ਮੀਟਰਿੰਗ ਲਈ ਇਕ ਦਿਸ਼ਾ-ਨਿਰਦੇਸ਼ਕ ਮੀਟਰ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਹੁਣ ਗਲਤ ਮੀਟਰ ਰੀਡਿੰਗ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਡੀ.ਆਈ.ਐਸ.ਸੀ.ਓ.ਐਮ. ਦਫ਼ਤਰਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲ਼ੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਨ੍ਹਾਂ ਭਲਾਈ ਸਕੀਮਾਂ ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ ਆਪਣੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਜਨਮਦਿਨ ਮੌਕੇ ਸ਼ੁਰੂ ਕੀਤਾ।