ਮਾਸਟਰ ਕਾਡਰ ਦੀਆਂ ਸਮਾਜਿਕ ਸਿੱਖਿਆ, ਗਣਿਤ ਅਤੇ ਸਾਇੰਸ ਵਿਸ਼ੇ ਦੀਆਂ ਅਸਾਮੀਆਂ ਲਈ ਲਿਖਤੀ ਪੇਪਰ ਦਾ ਸ਼ਡਿਊਲ ਜਾਰੀ
ਨਿਊਜ਼ ਪੰਜਾਬ
ਤਰਨਤਾਰਨ 25 ਦਸੰਬਰ :
ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵਿੱਚ 3704 ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਦੀ ਭਰਤੀ ਲਈ ਮਿਤੀ 28 ਫਰਵਰੀ, 2020 ਨੂੰ ਜੋ ਇਸ਼ਤਿਹਾਰ ਦਿੱਤਾ ਗਿਆ ਸੀ, ਸਬੰਧੀ ਸਿੱਖਿਆ ਵਿਭਾਗ ਵੱਲੋਂ ਲਿਖਤੀ ਪੇਪਰ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਬੋਰਡ, ਪੰਜਾਬ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਸਮਾਜਿਕ ਸਿੱਖਿਆ ਵਿਸ਼ੇ ਦੀ ਅਸਾਮੀ ਲਈ ਲਿਖਤੀ ਪੇਪਰ ਮਿਤੀ 09 ਜਨਵਰੀ, 2021 ਨੂੰ ਸਵੇਰੇ 9.30 ਤੋਂ 12.00 ਵਜੇ ਤੱਕ , ਮੈਥ ਵਿਸ਼ੇ ਦੀ ਅਸਾਮੀ ਲਈ ਮਿਤੀ 09 ਜਨਵਰੀ, 2021 ਨੂੰ ਬਾਅਦ ਦੁਪਹਿਰ 2.00 ਤੋਂ 4.30 ਵਜੇ ਤੱਕ ਅਤੇ ਸਾਇੰਸ ਵਿਸ਼ੇ ਦੀ ਅਸਾਮੀ ਲਈ ਮਿਤੀ 10 ਜਨਵਰੀ, 2021 ਨੂੰ ਸਵੇਰੇ 9.30 ਤੋਂ 12.00 ਵਜੇ ਤੱਕ ਹੋਵੇਗਾ।
ਇਸ ਸਬੰਧੀ ਉਮੀਦਵਾਰਾਂ ਦੇ ਰੋਲ ਨੰਬਰ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ ਅਤੇ ਉਮੀਦਵਾਰ ਆਪਣੇ ਰੋਲ ਨੰਬਰ ਅਸਾਮੀ ਨੂੰ ਅਪਲਾਈ ਕਰਦੇ ਸਮੇਂ ਬਣਾਏ ਗਏ ਆਨਲਾਈਨ ਅਕਾਊਂਟ ਵਿੱਚੋਂ ਡਾਊਨਲੋਡ ਕਰ ਸਕਦੇ ਹਨ। ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਰੇ ਯੋਗ ਉਮੀਦਵਾਰ ਇਮਤਿਹਾਨ ਦੇਣ ਸਮੇਂ ਆਪਣੀ ਰੋਲ ਨੰਬਰ ਸਲਿੱਪ ਅਤੇ ਆਪਣਾ ਕੋਈ ਇੱਕ ਪਹਿਚਾਣ ਪੱਤਰ ਨਾਲ ਲੈਕੇ ਆਉਣਾ ਯਕੀਨੀ ਬਣਾਉਣ।