ਵਿਜੈ ਇੰਦਰ ਸਿੰਗਲਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪਾਖੰਡੀ ਤੇ ਮੌਕਾਪ੍ਰਸਤ ਗਰਦਾਨਿਆ
ਨਿਊਜ਼ ਪੰਜਾਬ
ਜੀਵਨ ਦੇ ਇਸ ਪੜਾਅ ਵਿੱਚ ਪੰਜਾਬ ਤੇ ਪੰਜਾਬੀਆਂ ਨਾਲ ਸੌੜੀ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਪ੍ਰਕਾਸ਼ ਸਿੰਘ ਬਾਦਲ : ਸਿੰਗਲਾ
ਭਾਜਪਾ ਦੇ ਸਾਥ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੱਲੀ ਨਗਰ ਨਿਗਮ ਵਿੱਚ ਮਾਣ ਰਹੇ ਨੇ ਵੱਖ ਵੱਖ ਅਹੁਦੇ
ਚੰਡੀਗੜ, 3 ਦਸੰਬਰ:
ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਸਾਨੀ ਸੰਘਰਸ਼ ਵਿੱਚੋਂ ਸਿਆਸੀ ਲਾਹਾ ਖੱਟਣ ਦੀ ਕਸ਼ਿਸ਼ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਪਦਮ ਵਿਭੂਸ਼ਣ ਵਾਪਸ ਕਰਨ ਦੇ ਢੰਗ ਨੂੰ ਮੌਕਾਪ੍ਰਸਤ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਉੱਚਤਮ ਪੁਰਸਕਾਰਾਂ ’ਚੋਂ ਇੱਕ ‘ਪਦਮ ਵਿਭੂਸ਼ਨ’ ਆਪਣੀ ਮਰਜ਼ੀ ਜਾਂ ਨੈਤਿਕਤਾ ਦੇ ਅਧਾਰ ’ਤੇ ਨਹੀਂ ਸਗੋਂ ਪੰਜਾਬ ਵਿੱਚ ਆਪਣੇ ਖੁਸਦੇ ਜਾ ਰਹੇ ਸਿਆਸੀ ਪਿੜ ਨੂੰ ਬਚਾਉਣ ਦੀ ਮਜਬੂਰੀ ਵਿੱਚ ਵਾਪਸ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦੀ ਹਮਾਇਤ ਕਰਨ ਵਾਲੇ ਬਾਦਲਾਂ ਨੇ ਹੁਣ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਲੋਕਾਂ ਦਾ ਰੋਹ ਦੇਖਦਿਆਂ ਹੀ ਇਹ ਪਲਟੀ ਮਾਰੀ ਹੈ।
ਤਿੱਖੇ ਲਫਜ਼ਾਂ ਵਿੱਚ ਟਵੀਟ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੌਕਾਪ੍ਰਸਤੀ ਦੀ ਹੱਦ ਪਾਰ ਕਰ ਲਈ ਹੈ ਜਦਕਿ ਭਾਜਪਾ ਦੀ ਅਗਵਾਈ ਵਾਲੇ ਦਿੱਲੀ ਨਗਰ ਨਿਗਮ ਵਿੱਚ ਵੱਖ ਵੱਖ ਅਹੁਦੇ ਮਾਣ ਰਹੇ ਅਕਾਲੀ ਆਗੂਆਂ ਵਲੋਂ ਅਸਤੀਫ਼ਾ ਦੇਣਾ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਇੰਨੇ ਮਹੀਨਿਆਂ ਬਾਅਦ ਪਦਮ ਵਿਭੂਸ਼ਣ ਵਾਪਸ ਕਰਨ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ ਕਿਉਂ ਜੋ ਤੁਹਾਡੀ ਪਾਰਟੀ ਦਾ ਦੋਗਲਾਪਣ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਨਾਂ ਮਾਰੂ ਬਿੱਲਾਂ ਨੂੰ ਆਰਡੀਨੈਂਸ ਵਜੋਂ ਪੇਸ਼ ਕਰਨ ਸਮੇਂ ਪ੍ਰਕਾਸ਼ ਸਿੰਘ ਬਾਦਲ, ਉਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਹੋਰ ਅਕਾਲੀ ਨੇਤਾਵਾਂ ਨੇ ਨਾ ਸਿਰਫ ਖੁੱਲੇਆਮ ਇਨਾਂ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕੀਤਾ ਸੀ ਬਲਕਿ ਉਨਾਂ ਨੇਤਾਵਾਂ ਦੀ ਮੁਖ਼ਾਲਫਤ ਵੀ ਕੀਤੀ ਸੀ ਜੋ ਇਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਸਨ। ਉਨਾਂ ਅੱਗੇ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਇਨਾਂ ਕਾਲੇ ਬਿੱਲਾਂ ਵਿਰੁੱਧ ਉਨਾਂ (ਅਕਾਲੀ ਦਲ) ਦਾ ਵਿਰੋਧ ਰਾਜਨੀਤਿਕ ਮੋਰਚੇ ‘ਤੇ ਲੋੜੀਂਦਾ ਸੀ ਪਰ ਉਦੋਂ ਅਕਾਲੀ ਆਗੂ ਸੱਤਾ ਦਾ ਅਨੰਦ ਲੈਣ ਵਿਚ ਮਸ਼ਰੂਫ਼ ਸਨ। ਉਨਾਂ ਕਿਹਾ ਕਿ ਹੁਣ ਜਦੋਂ ਕਿਸਾਨੀ ਸੰਘਰਸ਼ ਨੇ ਮੋਦੀ ਸਰਕਾਰ ਨੂੰ ਗੋਡਿਆਂ ਭਾਰ ਲਿਆਂਦਾ ਹੈ ਤਾਂ ਬਾਦਲ ਅਤੇ ਢੀਂਡਸਾ ਪਰਿਵਾਰ ਮਗਰਮੱਛ ਦੇ ਹੰਝੂ ਵਹਾ ਕੇ ਸਿਆਸੀ ਮੁਫਾਦ ਸਿੱਧੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਦੀ ਸਰਕਾਰ ਨਾਲ ਘਿਉ-ਖਿਚੜੀ ਹੈ, ਕਿਉਂਕਿ ਉਨਾਂ ਦੇ ਨੇਤਾ ਦਿੱਲੀ ਨਗਰ ਨਿਗਮ ਵਿੱਚ ਕੌਂਸਲਰ ਵਜੋਂ ਰਾਜਨੀਤਿਕ ਸੱਤਾ ਦਾ ਆਨੰਦ ਲੈ ਰਹੇ ਹਨ। ਉਨਾਂ ਅੱਗੇ ਕਿਹਾ ਕਿ ਜ਼ਿੰਦਗੀ ਦੇ ਇਸ ਮੋੜ ‘ਤੇ ਪ੍ਰਕਾਸ਼ ਸਿੰਘ ਬਾਦਲ ਨੂ ੰ‘ ਅੰਨਦਾਤਾ’ ਨਾਲ ਸੌੜੀ ਰਾਜਨੀਤੀ ਖੇਡਣੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਆਪਣੀ ਪਾਰਟੀ ਦੇ ਹੋਰ ਨੇਤਾਵਾਂ ਨੂੰ ਅਜਿਹਾ ਨਾ ਕਰਨ ਤੋਂ ਵਰਜਣਾ ਚਾਹੀਦਾ ਹੈ।
ਸੁਖਦੇਵ ਸਿੰਘ ਢੀਂਡਸਾ ਵਲੋਂ ਪਦਮ ਭੂਸ਼ਣ ਵਾਪਸ ਕਰਨ ਦੇ ਮੁੱਦੇ ‘ਤੇ ਬੋਲਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਵਿਚ ਬੀਜੇਪੀ ਦੀ ਬੀ-ਟੀਮ ਤਿਆਰ ਕਰਨ ਲਈ ਹੀ ਢੀਂਡਸਾ ਪਰਿਵਾਰ ਬਾਦਲਾਂ ਤੋਂ ਵੱਖ ਹੋਇਆ ਸੀ ਅਤੇ ਹੁਣ ਉਹ ਅਜਿਹੀਆਂ ਰਾਜਨੀਤਿਕ ਚਾਲਾਂ ਰਾਹੀਂ ਆਪਣੇ ਆਪ ਨੂੰ ਕਿਸਾਨ ਪੱਖੀ ਅਤੇ ਪੰਜਾਬੀ ਪੱਖੀ-ਪੱਖੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਨਾਂ ਬਿੱਲਾਂ ਦੀ ਖੁੱਲ ਕੇ ਹਮਾਇਤ ਕਰਨ ਵਾਲੇ ਬਾਦਲਾਂ ਅਤੇ ਅਕਾਲੀ ਦਲ ਦੇ ਹੋਰ ਨੇਤਾਵਾਂ ਦੇ ਵਿਡੀਓਜ਼ ਅਤੇ ਖ਼ਬਰਾਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ ਅਤੇ ਰਾਜਨੀਤਕ ਮੰਚ ਤੋਂ ਰਾਜਨੀਤਿਕ ਸਟੰਟ ਖੇਡਣ ਦੀ ਬਜਾਏ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਨ ਲਈ ਉਹਨਾਂ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।