ਪੈਰਾਪਲੇਜਿਕ ਪੁਨਰਵਾਸ ਕੇਂਦਰ ਮੋਹਾਲੀ ਵਿਖੇ ਮਨਾਇਆ ਵਿਸ਼ਵ ਅਪੰਗਤਾ ਦਿਵਸ

ਨਿਊਜ਼ ਪੰਜਾਬ
ਅਪਾਹਜ ਵਿਅਕਤੀਆਂ ਦੇ ਹੌਂਸਲੇ ਅਤੇ ਉਨਾਂ ਦੀ ਦਿ੍ਰੜਤਾ ਨੂੰ ਕਰਦੇ ਹਾਂ ਸਲਾਮ : ਸ. ਸਿੱਧੂ
 ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਨੇ ਅਪਾਹਜ ਵਿਅਕਤੀਆਂ ਦਾ ਕੀਤਾ ਸਨਮਾਨ
 ਮੁੱਖ ਮੰਤਰੀ ਪੰਜਾਬ ਦੇ ਕੋਟੇ ਵਿੱਚ ਪੈਰਾਪਲੇਜਿਕ ਪੁਨਰਵਾਸ ਕੇਂਦਰ ਚ ਸੋਲਰ ਸਿਸਟਮ ਲਗਾਉਣ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ
ਚੰਡੀਗੜ/ਐਸ.ਏ.ਐਸ ਨਗਰ,03 ਦਸੰਬਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਪੈਰਾਪਲੇਜਿਕ ਪੁਨਰਵਾਸ ਕੇਂਦਰ ਵਿਖੇ ਵਿਸ਼ਵ ਅਪੰਗਤਾ ਦਿਵਸ 2020 ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਇਆ ਗਿਆ । ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ  ਦੀ ਤਰਫੋਂ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸ. ਬਲਬੀਰ ਸਿੰਘ ਸਿੱਧੂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਵਿੱਚ ਅਪਾਹਜ ਵਿਅਕਤੀਆਂ (ਪੀ.ਡਬਲਯੂ.ਡੀ) ਦੇ ਦਰਪੇਸ਼ ਮੁੱਦਿਆਂ ਨੂੰ ਸਮਝਣ ਤੇ ਵਿਚਾਰਣ ਲਈ ਹਰ ਸਾਲ 3 ਦਸੰਬਰ ਨੂੰ ਵਿਸ਼ਵ ਅਪਾਹਜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਵਿਸ਼ਵ ਅਪਾਹਜ ਦਿਵਸ ਨੂੰ “ ਅਪਾਹਜ ਵਿਅਕਤੀਆਂ ਦਾ ਅੰਤਰਰਾਸ਼ਟਰੀ ਦਿਵਸ “ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਅਪੰਗਤਾ ਦੇ ਮੁੱਦਿਆਂ ਪ੍ਰਤੀ ਜਾਗਰੂਕਤਾ ਅਤੇ ਅਪਾਹਜ ਵਿਅਕਤੀਆਂ ਦੇ ਬੁਨਿਆਦੀ ਅਧਿਕਾਰਾਂ ਦਾ ਪ੍ਰਚਾਰ ਕਰਨਾ ਹੈ। ਇਸ ਤਰਾਂ ਇਹ ਦਿਨ ਹਰ ਸਾਲ ਧਰਤੀ ਦੇ ਸਾਰੇ ਮਨੁੱਖਾਂ ਵਿਚ ਦਇਆ ਦੀ ਭਾਵਨਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਅੱਜ ਸਾਨੂੰ ਦੇਸ਼ ਦੀ ਰੱਖਿਆ ਕਰਨ ਵਾਲੇ ਮਹਾਨ ਸੂਰਬੀਰ ਜੋ ਮੁਸ਼ਕਲਾਂ ਭਰੇ ਸਮੇਂ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਸਮੇਂ ਪੈਰਾਪਲੇਜਿਕ ਹੋ ਗਏ ਹਨ ਨਾਲ ਮਿਲਕੇ ਵਿਸ਼ਵ ਅਪਾਹਜ ਦਿਵਸ ਮਨਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਸੂਰਬੀਰ ਸਾਡੇ ਦੇਸ਼ ਦੀ ਆਨਬਾਨ ਅਤੇ ਸ਼ਾਨ ਹਨ । ਉਨਾਂ ਦੱਸਿਆ ਕਿ ਇਹ ਸੂਰਬੀਰ ਪੈਰਾਪਲੇਜਿਕ ਹੋਣ ਦੇ ਬਾਵਜੂਦ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਬਣੇ ਹੋਏ ਹਨ ਅਤੇ ਇਥੇ ਵੱਖ ਵੱਖ ਹੁਨਰ ਦੇ ਕਿੱਤੇ ਕਰ ਰਹੇ ਹਨ ।
ਸ. ਸਿੱਧੂ ਨੇ ਕਿਹਾ ਕਿ  ਅਸੀਂ ਅਪਾਹਜ ਵਿਅਕਤੀਆਂ ਦੇ ਹੌਂਸਲੇ ਅਤੇ ਉਨਾਂ ਦੀ ਦਿ੍ਰੜਤਾ ਨੂੰ ਸਲਾਮ ਕਰਦੇ ਹਾਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਪਾਹਜ ਵਿਅਕਤੀਆਂ ਦੇ ਸ਼ਕਤੀਕਰਨ ਲਈ ਕਈ ਕਦਮ ਚੁੱਕੇ ਗਏ ਹਨ। ਉਨਾਂ ਦੱਸਿਆ ਕਿ ਪੈਰਾਪਲੇਜੀਕ ਪੁਨਰਵਾਸ ਕੇਂਦਰ ਚ ਸੋਲਰ ਸਿਸਟਮ ਲਗਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਅਖਤਿਆਰੀ ਕੋਟੇ ਵਿੱਚੋਂ 25 ਲੱਖ ਰੁਪਏ ਦੀ ਗਰਾਂਟ ਦਿਤੀ ਜਾਵੇਗੀ ।  ਉਨਾਂ ਇਸ ਮੌਕੇ ਕੇਂਦਰ ਚ ਰਹਿ ਰਹੇ ਅਪਹਾਜ਼ ਵਿਆਕਤੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਨੂੰ ਕੰਬਲ ਤੇ ਮਠਿਆਈਆਂ ਦੇ ਕੇ ਸਮਮਾਨ ਵੀ ਕੀਤਾ । ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ. ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸਾਬਕਾ ਕੌਸਲਰ ਕੁਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਰਾਣਾ, ਗੁਰਧਿਆਨ ਸਿੰਘ, ਜ਼ਿਲਾ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਕਵੰਰਬੀਰ ਸਿੰਘ ਰੂਬੀ, ਨਰੈਣ ਸਿੰਘ ਸਿੱਧੂ ਸਮੇਤ ਹੋਰ ਪਤਵੰਤੇ ਵੀ ਮੌਜ਼ੂਦ ਸਨ।