ਪੰਜਾਬ ‘ਚ 1 ਦਸੰਬਰ ਤੋਂ ਲੱਗੇਗਾ ਨਾਈਟ ਕਰਫਿਊ, ਹੋਰ ਪਾਬੰਦੀਆਂ ਵਧਣਗੀਆਂ

ਨਿਊਜ਼ ਪੰਜਾਬ

ਚੰਡੀਗੜ੍ਹ, 25 ਨਵੰਬਰ  : ਪੰਜਾਬ ‘ਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜਿਸਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਰਾਜ ਵਿੱਚ ਨਾਈਟ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ | ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਇਸ ਦੀ ਘੋਸ਼ਣਾ ਵੀ ਕਰ ਦਿੱਤੀ ਹੈ ਅਤੇ ਐਡਵਾਈਜ਼ੀਰੀ ਵੀ ਜਾਰੀ ਕਰ ਦਿੱਤੀ ਹੈ |

ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਬਣਾਈ ਨਾ ਰੱਖਣ ਤੇ ਜ਼ੁਰਮਾਨੇ ਨੂੰ ਦੁੱਗਣਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ | ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦੇ ਅਨੁਸਾਰ, 15 ਦਸੰਬਰ ਤੱਕ ਸੂਬੇ ਦੇ ਸਾਰੇ ਜ਼ਿਲਿਆਂ, ਸ਼ਹਿਰਾਂ ਅਤੇ ਕਸਬਿਆਂ ‘ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ | ਮਾਸਕ ਨਾ ਪਾਉਣ ਤੇ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ |

ਦਸ ਦਈਏ ਕਿ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਦੇ ਪ੍ਰਮੁੱਖ ਸਕੱਤਰ ਜੇ ਐਮ ਬਾਲਾਮੁਰੂਗਨ ਦੂਜੀ ਵਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹੁਣ ਉਹ 14 ਦਿਨਾਂ ਦੇ ਲਈ ਇਕਾਂਤਵਾਸ ਹੋ ਗਏ ਹਨ | ਇਸ ਤੋਂ ਇਲਾਵਾ ਰਾਜ ਭਵਨ ਵਿਖੇ ਤੈਨਾਤ ਪੰਜ ਸੁਰੱਖਿਆ ਗਾਰਡਾਂ ਦੀਆਂ ਰਿਪੋਰਟਾਂ ਵੀ ਕੋਰੋਨਾ ਪਾਜ਼ੇਟਿਵ ਆਈਆਂ ਹਨ | ਇਸ ਤੋਂ ਪਹਿਲਾ 9 ਅਗਸਤ ਨੂੰ ਬਾਲਾ ਮੁਰੂਗਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ |

ਪ੍ਰੋਟੋਕੋਲ ਦੇ ਅਨੁਸਾਰ ਪੰਜਾਬ ਰਾਜ ਭਵਨ ‘ਚ ਕੋਵਿਡ ਟੈਸਟਿੰਗ ਕੀਤੀ ਗਈ ਸੀ | ਇੱਥੇ 338 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 6 ਦੀ ਰਿਪੋਰਟ ਪਾਜ਼ੇਟਿਵ ਆਈ ਹੈ | ਸਾਰਿਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ | ਉਸੇ ਸਮੇਂ ਰਾਜਪਾਲ ਅਤੇ ਉਸਦੇ ਪਰਿਵਾਰ ਦੀ ਰਿਪੋਰਟ ਨੈਗੇਟਿਵ ਆਈ ਹੈ | ਕੋਵਿਡ-19 ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਰਾਜ ਭਵਨ ਵਿੱਚ ਕੀਤੀ ਜਾ ਰਹੀ ਹੈ। ਕੁਝ ਦੇਰ ਲਈ ਰਾਜ ਭਵਨ ‘ਚ ਐਂਟਰੀ ਅਤੇ ਮੀਟਿੰਗਾਂ ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ |