ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਕੇਸਾਂ ਦੇ ਭਾਰੀ ਵਾਧੇ ਨਾਲ ਨਜਿੱਠਣ ਲਈ ਦਿੱਲੀ ਨੂੰ ਸਹਾਇਤਾ ਦੀ ਪੇਸ਼ਕਸ਼, ਪੰਜਾਬ ਵਿੱਚ ਕੋਵਿਡ ਦੀ ਦੂਜੀ ਲਹਿਰ ਲਈ ਤਿਆਰ ਰਹਿਣ ਦੀ ਲੋੜ ‘ਤੇ ਦਿੱਤਾ ਜ਼ੋਰ
ਪੰਜਾਬ ਵਿੱਚ ਸਿਹਤ ਢਾਂਚੇ ਦੀ ਮਜ਼ਬੂਤੀ ਲਈ 107 ਨਵੇਂ ਸਿਹਤ ਕੇਂਦਰਾਂ ਦਾ ਕੀਤਾ ਆਗਾਜ਼
ਕੋਵਿਡ ਖਿਲਾਫ ਲੋਕਾਂ ਨੂੰ ਭਾਗੀਦਾਰ ਬਣਨ ਲਈ ਅਪੀਲ-ਮਿਸ਼ਨ ਫਤਿਹ ਦੇ ਸੰਕਲਪ ਵੱਜੋਂ ‘ਮਾਸਕ ਹੀ ਦਵਾਈ ਹੈ’ ਦਾ ਐਲਾਨ
ਚੰਡੀਗੜ੍ਹ, 21 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿੱਲੀ ਨੂੰ ਵੱਡੇ ਪੈਮਾਨੇ ‘ਤੇ ਵੱਧ ਰਹੇ ਕੋਵਿਡ ਕੇਸਾਂ ਨਾਲ ਨਜਿੱਠਣ ਵਿੱਚ ਹਰ ਸੰਭਵ ਸਹਾਇਤਾ ਕਰਨ ਦੀ ਪੇਸ਼ਕਸ ਕੀਤੀ ਗਈ ਅਤੇ ਮੁੱਖ ਮੰਤਰੀ ਨੇ ਸੂਬੇ ਅੰਦਰ ਮਹਾਂਮਾਰੀ ਦੀ ਰੋਕਥਾਮ ਵਿਚ ਮਿਸਾਲੀ ਕੰਮ ਕਰ ਰਹੇ ਪੰਜਾਬ ਦੇ ਕੋਵਿਡ ਯੋਧਿਆਂ ਦੀ ਦਿਲੋਂ ਸਰਾਹਨਾ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਖਿਲਾਫ ਤਿਆਰੀ ਖਾਤਰ ਸਿਹਤ ਸੁਵਿਧਾਵਾਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।
ਪੰਜਾਬ ਵਿੱਚ ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ,”ਦਿੱਲੀ ਸਖਤ ਲੜਾਈ ਲੜ ਰਹੀ ਹੈ ਅਤੇ ਲੋੜ ਪੈਣ ‘ਤੇ ਅਸੀਂ ਹਰ ਸਹਾਇਤਾ ਲਈ ਹਾਜ਼ਰ ਹਾਂ। ਮੈਂ ਇਹ ਪਹਿਲਾਂ ਕਹਿ ਚੁੱਕਾ ਹਾਂ”।
ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਆਖਿਆ ਇਹ ਕੋਈ ਨਹੀਂ ਜਾਣਦਾ ਕਿ ਪੰਜਾਬ ਵਿੱਚ ਦੂਜੀ ਲਹਿਰ ਕਦੋਂ ਆਵੇਗੀ, ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ) ਅਤੇ ਹੋਰ ਸੂਬਿਆਂ/ਖੇਤਰਾਂ ਦੇ ਤਜ਼ਰਬੇ ਦਰਸਾਉਂਦੇ ਹਨ ਕਿ ਇਹ ਸੰਭਾਵਿਤ ਤੌਰ ‘ਤੇ ਇਹ ਜ਼ਰੂਰ ਵਾਪਰੇਗਾ। ਉਨ੍ਹਾਂ ਸਿਹਤ ਵਿਭਾਗ ਅਤੇ ਓ.ਟੀ.ਐਸ. ਮੁਲਾਜ਼ਮਾਂ ‘ਤੇ ਪੂਰਾ ਵਿਸ਼ਵਾਸ ਜਤਾਇਆ ਕਿ ਉਹ ਇਸ ਵੰਗਾਰ ਖਿਲਾਫ ਮੁੜ ਪੂਰੀ ਇਕਜੁੱਟਤਾ ਨਾਲ ਖੜਨਗੇ।
ਸਿਹਤ ਕਾਮਿਆਂ ਅਤੇ ਮੂਹਰਲੀ ਕਤਾਰ ਦੇ ਮੁਲਾਜ਼ਮਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖੁਦ ਕੋਵਿਡ ਨਾਲ ਪ੍ਰਭਾਵਿਤ ਹੋਏ ਅਤੇ ਕੋਵਿਡ ਨੇ ਕਈਆਂ ਦੀਆਂ ਜਾਨਾਂ ਵੀ ਲੈ ਲਈਆਂ, ਦੀ ਹਰ ਸਹਾਇਤਾ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ, ਇਹ ਆਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਮਹਾਂਮਾਰੀ ਖਿਲਾਫ ਸੂਬਾ ਸਰਕਾਰ ਦਾ ਸਾਥ ਦਿੰਦੇ ਹੋਏ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਆਉਂਦੇ ਕੁਝ ਮਹੀਨਿਆਂ ਲਈ, ਜਦੋਂ ਤੱਕ ਕੋਵਿਡ ਦੀ ਦਵਾਈ ਨਹੀਂ ਆ ਜਾਂਦੀ, ‘ਮਾਸਕ ਦੀ ਦਵਾਈ ਹੈ’ ਨੂੰ ਮਿਸ਼ਨ ਫਤਿਹ ਦੇ ਸੰਕਲਪ ਵੱਜੋਂ ਐਲਾਨਿਆ।
ਸੂਬੇ ਅੰਦਰ ਸਿਹਤ ਢਾਂਚੇ ਦੀ ਮਜ਼ਬੂਤੀ ਅਤੇ ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਮਰੀਜ਼ਾਂ ਦੇ ਘਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਕਰਵਾਉਣ ਲਈ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਡਿਜੀਟਲੀ ਆਗਾਜ਼ ਕਰਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਯਤਨਾਂ ਦੀ ਸਰਾਹਨਾ ਕੀਤੀ ਗਈ ਜਿਨ੍ਹਾਂ ਮਹਿਜ ਤਿੰਨ ਵਰ੍ਹਿਆਂ ਵਿੱਚ ਹੀ ਇਨ੍ਹਾਂ ਕੇਂਦਰਾਂ ਦੀ ਕਾਮਯਾਬੀ ਦੀ ਕਹਾਣੀ ਸਿਰਜੀ ਹੈ।
ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਪੰਜਾਬ ਨੂੰ ਪਹਿਲੇ ਦਰਜੇ ਦਾ ਸੂਬਾ ਬਣਾਉਣ ਵਿੱਚ ਸੂਬਾ ਸਰਕਾਰ ਦਾ ਸਾਥ ਦੇਣ ਲਈ ਲੋਕਾਂ ਨੂੰ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਹਤ ਸੁਵਿਧਾਵਾਂ ਦੀ ਮਜ਼ਬੂਤੀ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ ਖਾਸਕਰ ਦੂਜੇ ਤੇ ਤੀਜੇ ਦਰਜੇ ਦੀਆਂ ਸੁਵਿਧਾਵਾਂ ਉੱਤੇ, ਜਿਸ ਦਾ ਉਦੇਸ਼ ਬਿਨਾਂ ਦੇਰੀ ਟੈਸਟਿੰਗ ਤੇ ਇਲਾਜ ਨਾਲ ਕੀਮਤੀ ਜਾਨਾਂ ਬਚਾਉਣਾ ਹੈ। ਲੋਕਾਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਨਾ ਜਾਣ, ਘਰਾਂ ਅੰਦਰ ਰਹਿਣ, ਵੱਡੇ ਇਕੱਠ ਤੇ ਸਮਾਜਿਕ ਸਮਾਗਮ ਨਾ ਕਰਨ ਲਈ ਅਪੀਲ ਕਰਦਿਆਂ ਮੁੱਖ ਮੰਤਰੀ ਵੱਲੋਂ ਪੂਰੀਆਂ ਸਾਵਧਾਨੀਆਂ ਖਾਸਕਰ ਵਾਰ-ਵਾਰ ਹੱਥ ਸਾਫ ਕਰਨ ਅਤੇ ਮਾਸਕ ਪਹਿਨਣ ਲਈ ਜ਼ੋਰ ਦਿੱਤਾ ਗਿਆ।
ਮਹਾਂਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਉਠਾਏ ਜਾ ਰਹੇ ਕਦਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਤੇ ਤੀਜੇ ਪੱਧਰ ਦੀਆਂ ਇਲਾਜ ਸੁਵਿਧਾਵਾਂ ਵਿਖੇ ਮਰੀਜ਼ਾਂ ਲਈ ਇਲਾਜ ਵਿਵਸਥਾ ਅਤੇ ਟੈਸਟਿੰਗ ਸੁਵਿਧਾਵਾਂ ਵੱਡੇ ਪੈਮਾਨੇ ‘ਤੇ ਵਧਾਉਣ ਦੇ ਨਾਲ-ਨਾਲ ਪਲਾਜ਼ਮਾਂ ਬੈਂਕ ਖੋਲ੍ਹੇ ਜਾ ਚੁੱਕੇ ਹਨ ਅਤੇ ਮਿਸ਼ਨ ਫਤਿਹ ਤਹਿਤ ਘਰਾਂ ਅੰਦਰ ਇਕਾਂਤਵਾਸ ਵਾਲੇ ਮਰੀਜ਼ਾਂ ਨੂੰ ਮੁਫਤ ਕੋਰੋਨਾ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ 184.95 ਕਰੋੜ ਦੀ ਲਾਗਤ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਪੀ.ਪੀ.ਈ ਕਿੱਟਾਂ, ਐਨ-95 ਮਾਸਕ ਅਤੇ ਹੋਰ ਸਾਮਾਨ ਮੂਹਰਲੀ ਕਤਾਰ ਦੇ ਸਿਹਤ ਕਾਮਿਆਂ ਨੂੰ ਸਪਲਾਈ ਕੀਤੇ ਜਾ ਚੁੱਕੇ ਹਨ। ਲੈਵਲ-1, 2 ਅਤੇ 3 ਦੀਆਂ ਸੁਵਿਧਾਵਾਂ ਵਿਖੇ ਸਾਰੇ ਕੋਵਿਡ ਮਰੀਜ਼ਾਂ ਲਈ 5.57 ਕਰੋੜ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੈਵਲ ਤਿੰਨ ਦੇ ਸਾਰੇ ਇਲਾਜ ਕੇਂਦਰਾਂ ਵਿਖੇ ਵੈਂਟੀਲੇਟਰ ਸੁਵਿਧਾ ਅਤੇ ਆਕਸੀਜਨ ਸਿਲੰਡਰ ਮੁਹੱਈਆ ਰਕਵਾਏ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਆਰ-ਪੀ.ਸੀ.ਆਰ, ਰੈਪਿਡ ਐਂਟੀਜਨ ਅਤੇ ਟਰੂਨਟ ਟੈਸਟ ਸੁਵਿਧਾ ਸਾਰੇ ਸ਼ੱਕੀ ਕੋਰੋਨਾ ਮਰੀਜ਼ਾਂ ਲਈ ਮੁਹੱਈਆ ਕਰਵਾਈ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਹੈਲਥ ਤੇ ਵੈਲਨੈਸ ਕੇਂਦਰ ਕੋਵਿਡ ਮਹਾਂਮਾਰੀ ਦਰਮਿਆਨ ਸੂਬੇ ਦੇ ਸਿਹਤ ਢਾਂਚੇ ਨੂੰ ਯੋਗਤਾ ਪੱਖੋਂ ਨਵੀਂ ਉਚਾਈ ‘ਤੇ ਪਹੁੰਚਾਉਣਗੇ। ਇਹ ਕੇਂਦਰ ਸਮੁੱਚੇ ਸੂਬੇ ਅੰਦਰ ਲੋਕਾਂ ਤੱਕ ਵੱਡੇ ਪੈਮਾਨੇ ‘ਤੇ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣ ਵਿੱਚ ਸੂਬਾ ਸਰਕਾਰ ਦੀ ਬਹੁਪੱਖੀ ਤੇ ਦੂਰਗਾਮੀ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਖੋਲ੍ਹੇ ਜਾਣ ਵਾਲੇ 3049 ਕੇਂਦਰਾਂ ਵਿੱਚੋਂ ਹੁਣ ਤੱਕ 2046 ਹੁਣ ਕਾਰਜਸ਼ੀਲ ਹੋ ਚੁੱਕੇ ਹਨ ਅਤੇ ਹੋਰ 800 ਆਉਂਦੇ ਦੋ ਮਹੀਨਿਆਂ ਵਿੱਚ ਚਾਲੂ ਹੋ ਜਾਣਗੇ ਅਤੇ ਬਾਕੀ ਰਹਿੰਦੇ 2021 ਵਿੱਚ ਚਾਲੂ ਹੋ ਜਾਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਕਮਿਊਨਿਟੀ ਸਿਹਤ ਅਫਸਰਾਂ, ਮਲਟੀਪਰਪਜ਼ ਸਿਹਤ ਕਾਮਿਆਂ (ਮਹਿਲਾ ਤੇ ਪੁਰਸ਼) ਅਤੇ ਆਸ਼ਾ ਵਰਕਰਾਂ ਦੀ ਤਾਇਨਾਤੀ ਵਾਲੇ ਇਹ ਕੇਂਦਰਾਂ ਵਿਖੇ 27 ਕਿਸਮ ਦੀਆਂ ਦਵਾਈਆਂ, 6 ਕਿਸਮ ਦੇ ਟੈਸਟ, ਟੈਲੀਫੋਨ ਜ਼ਰੀਏ ਡਾਕਟਰੀ ਸਲਾਹ ਦੀਆਂ ਸੁਵਿਧਾਵਾਂ ਮੁਹੱਈਆ ਹਨ। ਉਨ੍ਹਾਂ ਅੱਗੇ ਕਿਹਾ ਕਿ 54 ਲੱਖ ਮਰੀਜ਼ਾਂ ਨੂੰ ਮਾਨਸਿਕ ਤਣਾਓ, ਸ਼ੂਗਰ ਤੇ ਹੋਰ ਬਿਮਾਰੀਆਂ ਸਬੰਧੀ ਓ.ਪੀ.ਡੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਇਹ ਦੱਸਦਿਆਂ ਕਿ ਅਗਸਤ 2020 ਵਿੱਚ ਭਾਰਤ ਸਰਕਾਰ ਵੱਲੋਂ ਸੂਬਿਆਂ ਦੇ ਦਰਜੇ ਸਬੰਧੀ ਜਾਰੀ ਸੂਚੀ ਵਿੱਚ ਢੁੱਕਵੇਂ ਸਮੇਂ ‘ਤੇ ਇਹ ਕੇਂਦਰ ਚਾਲੂ ਕਰਨ ਲਈ ਪੰਜਾਬ ਭਾਰਤ ਵਿੱਚ ਪਹਿਲੇ ਨੰਬਰ ‘ਤੇ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2020-21 ਲਈ ਦਿੱਤੇ ਗਏ ਟੀਚੇ (142 ਫੀਸਦ) ਨੂੰ ਪੰਜਾਬ ਪਹਿਲਾਂ ਹੀ ਪ੍ਰਾਪਤ ਕਰ ਚੁੱਕਾ ਹੈ। ਮੁੱਖ ਮੰਤਰੀ ਵੱਲੋਂ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਬੀਮਾ, ਸਕੂਲ ਹੈਲਥ ਪ੍ਰੋਗ੍ਰਾਮ, ਹੈਪੇਟਾਈਟਸ-ਸੀ ਦੇ 90 ਹਜ਼ਾਰ ਮਰੀਜ਼ਾਂ ਦੇ ਮੁਫਤ ਇਲਾਜ, 25 ਹਜ਼ਾਰ ਕੈਂਸਰ ਮਰੀਜ਼ਾਂ ਨੂੰ ਦਿੱਤੀ ਵਿੱਤੀ ਸਹਾਇਤਾ, ਰੈਗੂਲਰ ਤੇ ਕੰਟਰੈਕਟ ‘ਤੇ ਭਰਤੀ ਕੀਤੇ ਗਏ ਡਾਕਟਰਾਂ/ਮਾਹਿਰਾਂ/ਪੈਰਾਮੈਡੀਕਲ ਸਟਾਫ ਆਦਿ ਦੀ ਭਰਤੀ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਾਨ ਉਠਾਏ ਗਏ ਹੋਰ ਕਦਮਾਂ ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੋਰ ਪਹਿਲਕਦੀਆਂ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਮਾਨਸਿਕ ਸਿਹਤ, ਨਸ਼ਾ ਛੁਡਾਊ ਪ੍ਰੋਗਰਾਮ, ਮੁਫਤ ਦਵਾਈਆਂ ਅਤੇ ਨਵੀਆਂ ਐੰਬੂਲੈਂਸਾਂ ਨਾਲ ਗਿਣਤੀ ਵਿੱਚ ਵਾਧਾ ਵਰਗੇ ਹੋਰ ਕਦਮ ਵੀ ਚੁੱਕੇ ਗਏ ਹਨ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਰੀਜ਼ਾਂ ਖਾਸਕਰ ਪੇਂਡੂ ਖੇਤਰਾਂ ਅੰਦਰ ਉੱਚ ਪਾਏ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਪੜਾਅਵਾਰ ਸਾਰੇ ਸਬ-ਕੇਂਦਰਾਂ ਨੂੰ ਹੈਲਥ ਤੇ ਵੈਲਨੈੱਸ ਕੇਂਦਰਾਂ ਵਿੱਚ ਤਬਦੀਲ ਕਰੇਗੀ। ਉਨ੍ਹਾਂ ਕਿਹਾ ਕਿ ਮਾਰਚ 2019 ਤੋਂ ਕਰੀਬ 55.8 ਲੱਖ ਮਰੀਜ਼ ਓ.ਪੀ.ਡੀ ਸੇਵਾਵਾਂ ਲੈ ਚੁੱਕੇ ਹਨ ਅਤੇ ਹੋਰ 20 ਲੱਖ ਵਿਅਕਤੀ ਮਾਨਸਿਕ ਦਬਾਓ, 12 ਲੱਖ ਸ਼ੂਗਰ ਲਈ ਅਤੇ 17 ਲੱਖ ਕੈਂਸਰ (ਮੂੰਹ, ਛਾਤੀ ਅਤੇ ਸਰਵਾਈਕਲ) ਦੇ ਇਲਾਜ ਲਈ ਸਕਰੀਨਿੰਗ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 14 ਲੱਖ ਮਰੀਜ਼ਾਂ ਨੂੰ ਦਵਾਈਆਂ ਅਤੇ 18 ਲੱਖ ਮਰੀਜ਼ ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਵਾ ਚੁੱਕੇ ਹਨ।
ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਨਵੇਂ ਕੇਂਦਰਾਂ ਦਾ ਆਗਾਜ਼ ਵਿਭਾਗ ਲਈ ਇਤਿਹਾਸਕ ਦਿਨ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਵਧੀਆ ਰਿਕਵਰੀ ਦਰ ਵਾਲੇ ਸੂਬੇ ਪੰਜਾਬ ਅੰਦਰ ਕੋਵਿਡ ਦੀ ਰੋਕਥਾਮ ਲਈ ਸਖਤ ਮਿਹਨਤ ਕਰਨ ਵਾਲੇ ਹੈਲਥ ਤੇ ਮੈਡੀਕਲ ਸਿੱਖਿਆ ਸਟਾਫ ਨੂੰ ਵਧਾਈ ਦਿੱਤੀ ਗਈ। ਪਰ ਉਨ੍ਹਾਂ ਵੱਲੋਂ ਉੱਚੀ ਮੌਤ ਦਰ, ਜੋ ਕਿ ਹੋਰ ਜਟਿਲ ਸਿਹਤ ਸਮੱਸਿਆਵਾਂ ਕਰਕੇ ਹੈ, ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਵੀ ਤਰ੍ਹਾਂ ਅਵੇਸਲੇ ਨਾ ਹੋਣ ਲਈ ਸੁਚੇਤ ਕੀਤਾ ਗਿਆ।
ਡਿਜੀਟਲ ਆਗਾਜ਼ ਸਮਾਗਮ ਦੌਰਾਨ ਕਈ ਸਿਹਤ ਵਰਕਰਾਂ ਵੱਲੋਂ ਕੋਵਿਡ ਮਰੀਜ਼ਾਂ ਦੇ ਇਲਾਜ ਤੇ ਮਹਾਂਮਾਰੀ ਖਿਲਾਫ ਜੰਗ ਨਾਲ ਨਜਿੱਠਣ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਜਲੰਧਰ ਵਿਖੇ ਬਤੌਰ ਨਰਸ ਕੰਮ ਕਰ ਰਹੀ ਕਮਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਾ ਕੇਵਲ ਸਿਹਤ ਸਟਾਫ ਲਈ ਸੁਰੱਖਿਆ ਉਪਾਓ ਯਕੀਨੀ ਬਣਾਏ ਗਏ ਸਗੋਂ ਮੁਕੰਮਲ ਸਿਖਲਾਈ ਵੀ ਮੁਹੱਈਆ ਕਰਵਾਈ ਗਈ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਲੈਬ ਇੰਚਾਰਜ ਡਾ. ਉਪੇਂਦਰ ਬਖਸ਼ੀ ਨੇ ਦੱਸਿਆ ਕਿ 12 ਜ਼ਿਲ੍ਹਿਆਂ ਲਈ ਕੋਵਿਡ ਟੈਸਟ ਮੁਹੱਈਆ ਕਰਵਾਉਣ ਲਈ ਇਸ ਲੈਬ ਨੂੰ ਥੋੜੇ ਸਮੇਂ ਦੌਰਾਨ ਹੀ ਆਧਨਿਕ ਰੂਪ ਦਿੱਤਾ ਗਿਆ।
ਪੂਰੇ ਸੂਬੇ ਵਿੱਚੋਂ ਸਿਹਤ ਵਿਭਾਗ, ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਕਟਰਾਂ, ਨਰਸਾਂ ਤੇ ਹੈਲਥ ਵਰਕਰਾਂ ਸਮੇਤ ਪੈਰਾਮੈਡਿਕਸ ਸਮੇਤ ਵੱਖ ਵੱਖ ਮੂਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਵੱਲੋਂ ਇਸ ਮੌਕੇ ਮੁੱਖ ਮੰਤਰੀ ਨਾਲ ਕੋਵਿਡ ਮਰੀਜ਼ਾਂ ਦੇ ਇਲਾਜ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ ਅਤੇ ਕੋਵਿਡ ਮਹਾਂਮਾਰੀ ਦੇ ਇਸ ਨਾਜ਼ੁਕ ਸਮੇਂ ਦੌਰਾਨ ਸਿਹਤ ਸਹੂਲਤਾਂ ਦੇ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੀ ਸੰਬੋਧਨ ਕੀਤਾ।