ਲੁਧਿਆਣਾ ‘ਚ ਕੋਰੋਨਾ ਦਾ ਕਹਿਰ ਹੋਰ ਵਧਿਆ, 124 ਨਵੇਂ ਮਾਮਲੇ ਆਏ ਸਾਹਮਣੇ, 8 ਮਰੀਜ਼ਾਂ ਦੀ ਮੌਤ
ਲੁਧਿਆਣਾ, 11 ਨਵੰਬਰ (ਨਿਊਜ਼ ਪੰਜਾਬ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ‘ਚ ਇਸ ਵਾਇਰਸ ਦੀ ਗਤੀ ਹੋਰ ਵਧਦੀ ਜਾ ਰਹੀ ਹੈ, ਜਿਸ ਕਰਕੇ ਵੱਡੀ ਗਿਣਤੀ ‘ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਬਦਕਿਸਮਤੀ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵੀ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਲੋਕਾਂ ਵਿਚ ਇਸ ਮਹਾਂਮਾਰੀ ਨੂੰ ਲੈ ਕੇ ਮੁੜ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ‘ਚ ਅੱਜ ਕੋਰੋਨਾ ਤੋਂ ਪ੍ਰਭਾਵਿਤ 124 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 107 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 17 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ ‘ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 8 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ, ਜਿਨ੍ਹਾਂ ‘ਚੋਂ 3 ਮ੍ਰਿਤਕ ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ, ਜਦਕਿ 1-1 ਮ੍ਰਿਤਕ ਮਰੀਜ਼ ਜ਼ਿਲ੍ਹਾ ਕਪੂਰਥਲਾ, ਬਠਿੰਡਾ, ਹੁਸ਼ਿਆਰਪੁਰ, ਮੋਗਾ ਅਤੇ ਸੰਗਰੂਰ ਨਾਲ ਸਬੰਧਿਤ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਜਿਹੜੇ ਮਰੀਜ਼ਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ‘ਚ ਛਾਉਣੀ ਮੁਹੱਲਾ ਨਾਲ ਸਬੰਧਿਤ 62 ਸਾਲਾ ਮ੍ਰਿਤਕ ਮਰੀਜ਼, ਬਾਜ਼ਾਰ ਬਾਜਰਾ ਮੁਹੱਲਾ ਦਾ ਰਹਿਣ ਵਾਲਾ 73 ਸਾਲਾ ਮ੍ਰਿਤਕ ਜਦਕਿ ਜੀ. ਟੀ. ਬੀ. ਨਗਰ ਦਾ ਰਹਿਣ ਵਾਲਾ 83 ਸਾਲਾ ਮ੍ਰਿਤਕ ਮਰੀਜ਼ ਸ਼ਾਮਲ ਹੈ।