ਸ਼੍ਰੋਮਣੀ ਕਮੇਟੀ ਚੋਣਾਂ ‘ਚ ਬਾਦਲਾਂ ਨੂੰ ਟੱਕਰ ਦੇਣ ਲਈ ਪੰਜ ਧਿਰਾਂ ਵਲੋਂ ‘ਪੰਥਕ ਏਕਤਾ’ ਦਾ ਐਲਾਨ

ਜਲੰਧਰ, 10 ਨਵੰਬਰ (ਨਿਊਜ਼ ਪੰਜਾਬ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਿਜ਼ਾਮ ਨੂੰ ਚੁਣੌਤੀ ਦੇਣ ਲਈ ਪੰਥਕ ਧਿਰਾਂ ਨੇ ਤਿਆਰੀਆਂ ਵਿੱਢ ਲਈਆਂ ਹਨ | ਇਸ ਸਬੰਦੀ ਪੰਜ ਪ੍ਰਮੁੱਖ ਆਗੂਆਂ ਵਲੋਂ ਅੱਜ ਜਲੰਧਰ ਵਿਖੇ ‘ਪੰਥਕ ਏਕਤਾ’ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਇਹ ਸਾਰੀਆਂ ਧਿਰਾਂ ਸਾਂਝੇ ਤੋਰ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨਗੀਆਂ | ਅੱਜ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਡੇਮੋਕ੍ਰੇਟਿਕ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ: ਰਣਜੀਤ ਸਿੰਘ ਬ੍ਰਮਹਪੁਰਾ, ਅਕਾਲੀ ਦਲ 1920 ਦੇ ਪ੍ਰਧਾਨ ਸ: ਰਵੀਇੰਦਰ ਸਿੰਘ, ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਵਲੋਂ ਇਸ ਸਬੰਦੀ ਐਲਾਨ ਕੀਤੇ ਜਾਣਗੇ| ਜਾਣਕਾਰੀ ਅਨੁਸਾਰ ਸਾਰੀਆਂ ਧਿਰਾਂ ਇਸ ਗੱਲ ਤੇ ਸਹਿਮਤ ਹਨ ਕੇ ਇਨ੍ਹਾਂ ਵਲੋਂ ਹਰ ਇਕ ਸੀਟ ਤੇ ਇਕ ਹੀ ਉਮੀਦਵਾਰ ਮੈਦਾਨ ਵਿਚ ਨਿਤਰੇਗਾ ਅਤੇ ਜਿਹੜੇ ਵੀ ਉਮੀਦਵਾਰ ਸ਼੍ਰੋਮਣੀ ਕਮੇਟੀ ਚੋਣਾਂ ਲੜਨਗੇ, ਉਹ ਨਾ ਤਾਂ ਸਿਆਸੀ ਚੋਣਾਂ ਲੜਨਗੇ, ਨਾ ਹੀ ਕੋਈ ਸਿਆਸੀ ਅਹੁਦਾ ਉਨ੍ਹਾਂ ਨੂੰ ਮਿਲੇਗਾ | ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਚੋਣਾਂ ਲਈ ਮੁਹਿੰਮ ਦੀ ਅਗਵਾਈ ਜਥੇਦਾਰ ਭਾਈ ਰਣਜੀਤ ਸਿੰਘ ਕਰਨਗੇ |