ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਵੱਡੀ ਗਿਣਤੀ ‘ਚ ਘਰ ‘ਚ ਸਟੋਰ ਕਰਕੇ ਰੱਖੇ ਪਟਾਕੇ ਕੀਤੇ ਬਰਾਮਦ

ਫ਼ਤਿਹਗੜ੍ਹ ਸਾਹਿਬ, 6 ਨਵੰਬਰ (ਨਿਊਜ਼ ਪੰਜਾਬ) : ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਰਿਹਾਇਸ਼ੀ ਇਲਾਕੇ ‘ਚ ਨਜਾਇਜ਼ ਤਰੀਕੇ ਨਾਲ ਭਾਰੀ ਮਾਤਰਾ ‘ਚ ਸਟਾਕ ਕਰ ਕੇ ਰੱਖੇ ਗਏ ਪਟਾਕੇ ਅਤੇ ਆਤਿਸ਼ਬਾਜ਼ੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫ਼ਤਿਹਗੜ੍ਹ ਸਾਹਿਬ ਦੇ ਐਸ.ਐਚ.ਓ. ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਐਸ.ਐਸ.ਪੀ. ਫ਼ਤਿਹਗੜ੍ਹ ਸਾਹਿਬ ਅਮਨੀਤ ਕੋਂਡਲ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਗਲਤ ਅਨਸਰਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਦਿੱਤੇ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਰਿਹਾਇਸ਼ੀ ਇਲਾਕੇ ‘ਚ ਨਜਾਇਜ਼ ਤਰੀਕੇ ਨਾਲ ਪਟਾਕੇ ਅਤੇ ਆਤਿਸ਼ਬਾਜ਼ੀ ਭੰਡਾਰ ਕਰਨ ਵਾਲਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਦੋਂ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਨੇਤਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ 2 ਕਥਿਤ ਸਕੇ ਭਰਾਵਾਂ ਗੌਰਵ ਸੂਦ ਅਤੇ ਮੁਨੀਸ਼ ਸੂਦ ਪੁੱਤਰਾਨ ਰਣਧੀਰ ਸੂਦ ਵਾਸੀਆਨ ਮੁਹੱਲਾ ਜੱਟਪੁਰਾ ਸਰਹਿੰਦ ਸ਼ਹਿਰ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਨਜਾਇਜ਼ ਤੌਰ ‘ਤੇ ਘਰ ਵਿੱਚ ਸਟਾਕ ਕਰਕੇ ਰੱਖੇ ਗਏ ਭਾਰੀ ਮਾਤਰਾ ‘ਚ ਪਟਾਕਿਆਂ ਅਤੇ ਆਤਿਸ਼ਬਾਜ਼ੀਆਂ ਦੀਆਂ 17 ਪੇਟੀਆਂ ਬਰਾਮਦ ਕੀਤੀਆਂ ਗਈਆਂ।ਫ਼ਤਿਹਗੜ੍ਹ ਸਾਹਿਬ ਥਾਣੇ ‘ਚ ਉਕਤ ਕਥਿਤ ਵਿਅਕਤੀਆਂ ਦੇ ਖਿਲਾਫ ਅ/ਧ 285,286,188 ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 222 ਦਰਜ ਕੀਤਾ ਗਿਆ ਹੈ। ਇਸ ਮੌਕੇ ਇੰਸਪੈਕਟਰ ਰਜਨੀਸ਼ ਸੂਦ ਨੇ ਅਪੀਲ ਕਰਦਿਆਂ ਕਿਹਾ ਕਿ ਪੈਸਿਆਂ ਦੇ ਮੁਨਾਫੇ ਲਈ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ ‘ਚ ਪਾਉਣ ਵਾਲੇ ਅਨਸਰਾਂ ਸਬੰਧੀ ਇਲਾਕਾ ਵਾਸੀ ਪੁਲਿਸ ਨੂੰ ਸੂਚਿਤ ਕਰਨ ਤਾਂ ਕਿ ਅਜਿਹੀ ਕੁਤਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।