ਸੜਕ ਹਾਦਸੇ ‘ਚ ਕਿਸਾਨ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਨਿਊਜ਼ ਪੰਜਾਬ) – ਬੀਤੀ ਸ਼ਾਮ ਸੜਕ ਹਾਦਸੇ ‘ਚ ਗੰਭੀਰ ਜ਼ਖਮੀ ਹੋਏ ਇਕ ਕਿਸਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਪੁਲਿਸ ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (45) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਖ਼ਾਨਪੁਰ ਫਕੀਰਾਂ ਇਕੱਲਾ ਹੀ ਮੋਟਰਸਾਈਕਲ ‘ਤੇ ਆਪਣੇ ਪਿੰਡੋਂ ਅਨਾਜ ਮੰਡੀ ਸੂਲਰ ਘਰਾਟ ਆ ਰਿਹਾ ਸੀ ਕਿ ਗੁੱਜਰਾਂ ਸੂਲਰ ਘਰਾਟ ਸੜਕ ‘ਤੇ ਕੋਈ ਅਣਪਛਾਤਾ ਵਾਹਨ ਉਸ ਨੂੰ ਫੇਟ ਮਾਰ ਕੇ ਡੇਗ ਗਿਆ, ਜਿਸ ਕਾਰਨ ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਸੰਗਰੂਰ ਹਸਪਤਾਲ ਲਿਜਾਇਆ ਗਿਆ, ਜਿੱਥੇ ਅੱਜ ਸਵੇਰੇ ਸਵਖਤੇ ਹੀ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।